ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/26

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਫਰਜ਼ੀ ਨਾਮ (The Pseudonyms)

ਕੀਰਕੇਗਾਰਦ ਨੇ ਅਸਿੱਧੇ ਬਿਆਨ ਦੀ ਸਮੱਸਿਆ ਨੂੰ ਆਪਣੇ ਹੀ ਢੰਗ ਨਾਲ ਹੱਲ ਕੀਤਾ ਹੈ। ਕੁੱਝ ਇੱਕ ਅਪਵਾਦਾਂ ਤੋਂ ਬਿਨਾਂ ਉਸ ਦੀਆਂ ਸਾਰੀਆਂ ਪੁਸਤਕਾਂ ਟਾਈਟਲ ਪੇਜ ਤੇ ਬਿਨਾਂ ਨਾਮ ਤੋਂ ਛਪੀਆਂ। ਫ਼ਰਜ਼ੀ ਨਾਂ ਹੇਠ ਪੇਸ਼ ਕੀਤੇ ਉਸਦੇ ਵਿਚਾਰ ਉਸਦੇ ਨਾਂ ਨਾਲ ਨਹੀਂ ਮੜ੍ਹੇ ਜਾ ਸਕਦੇ ਕਿਉਂਕਿ ਅਜਿਹਾ ਕਰਨ ਨਾਲ ਕੋਈ ਵੀ ਉਨ੍ਹਾਂ ਨੂੰ ਸਿੱਧੇ ਬਿਆਨ ਵਿੱਚ ਬਦਲ ਸਕਦਾ ਹੈ ਕਿਉਂਕਿ ਉਨ੍ਹਾਂ ਵਿੱਚ ਵਿਭਿੰਨ ਕਿਸਮ ਦੀਆਂ ਰਾਵਾਂ ਵਿਅਕਤ ਕੀਤੀਆਂ ਗਈਆਂ ਹਨ। ਕੀਰਕੇਗਾਰਦ ਦਾ ਅਜਿਹਾ ਕਰਨ ਦਾ ਉਦੇਸ਼ ਇਹ ਸੀ ਕਿ ਉਹ ਜੀਵਨ ਦੇ ਵੱਖੋ-ਵੱਖਰੇ, ਅਨੇਕਾਂ ਵਿਚਾਰਾਂ-ਸਕੈਚਾਂ ਦੀ, ਉਨ੍ਹਾਂ ਪੁਸਤਕਾਂ ਵਿੱਚ ਰੂਪ ਰੇਖਾ ਪੇਸ਼ ਕਰਦਾ ਹੈ। ਫਿਰ ਉਨ੍ਹਾਂ ਦੇ ਇੱਕ ਇੱਕ ਕਰਕੇ ਨਤੀਜੇ ਕੱਢਦਾ ਹੈ। ਤਦ ਉਹ ਪਾਠਕ ਨੂੰ ਉਨ੍ਹਾਂ ਵਿੱਚੋਂ ਕਿਸੇ ਇਕ ਦੀ ਚੋਣ ਲਈ ਬੇਵੱਸ ਕਰਦਾ ਹੈ, ਤਾਂ ਕਿ ਪਾਠਕ ਸਮਝਕੇ ਉਸ ਕੀਤੀ ਚੋਣ ਦੇ ਅਮਲ ਨੂੰ ਪੂਰੀ ਚੇਤਨਾ ਨਾਲ ਨੇਪਰੇ ਚਾੜ੍ਹ ਸਕੇ।

ਵਿਅਕਤੀ (The Individual)

ਕੀਰਕੇਗਾਰਦ ਦੀ ਕੋਸ਼ਿਸ਼ ਰਹੀ ਹੈ ਕਿ ਗੁੰਮਨਾਮ ਭੀੜ ’ਚੋਂ ਵਿਅਕਤੀ ਨੂੰ ਨਿਖੇੜੇ। ਬਹੁਤਿਆਂ ਵਿੱਚ ਵਿਅਕਤੀ ਦੀ ਪਛਾਣ ਗੁਆਚ ਜਾਂਦੀ ਹੈ ਅਤੇ ਸਮੂਹਕ ਮਨੋਵਿਗਿਆਨ ਵਿੱਚ ਨੈਤਿਕਤਾ ਗੁਆਚ ਜਾਂਦੀ ਹੈ। ਵਿਅਕਤੀ ਤਾਂ ਰੂਹ ਦਾ ਆਦਮੀ ਹੁੰਦਾ ਹੈ ਜਦੋਂ ਕਿ ਭੀੜ ਪਸ਼ੂ ਫ਼ੈਸਲਾ ਹੁੰਦਾ ਹੈ। ਵਿਅਕਤੀ ਨਾਲ਼ ਵਾਦ-ਵਿਵਾਦ ਕੀਤਾ ਜਾ ਸਕਦਾ ਹੈ। ਭੀੜ ਨੂੰ ਤਾਂ ਕੇਵਲ ਉਕਸਾਇਆ ਜਾ ਸਕਦਾ ਹੈ। ਕੀਰਕੇਗਾਰਦ ਅਨੁਸਾਰ ਅਧਿਆਤਮਕ ਬੰਦੇ ਇੱਕ ਜੁੱਟ ਨਹੀਂ ਹੁੰਦੇ ਇਸਦੇ ਉਲਟ ਉਹ ਵੱਖ-ਵੱਖ ਸਟੇਜਾਂ ਵਿਚ ਵੰਡੇ ਰਹਿੰਦੇ ਹਨ।

ਵੱਖ ਵੱਖ ਪੜਾਅ (The Stages)

ਕੀਰਕੇਗਾਰਦ ਵੱਲੋਂ ਸਟੇਜ ਸ਼ਬਦ ਦੀ ਵਰਤੋਂ ਗੁੰਮਰਾਹ ਕਰਨ ਵਾਲੀ ਹੈ। ਆਮ ਵਰਤੋਂ ਵਿੱਚ ਇਸ ਦਾ ਭਾਵ ਹੈ ਵਿਕਾਸ ਦੇ ਪੜਾਅ। ਪਰ ਉਹ ਇਸਦੀ ਵਰਤੋਂ ਦ੍ਰਿਸ਼ਟੀਕੋਨ ਵਜੋਂ ਕਰਦਾ ਹੈ। ਉਸ ਵੱਲੋਂ ਬਿਆਨ ਕੀਤੀਆਂ ਸਟੇਜਾਂ ਹੇਠ ਲਿਖੇ ਅਨੁਸਾਰ ਹਨ:

(1) ਸੁਹਜਵਾਦੀ ਪੜਾਅ (The Aesthetic Stage)

ਇਹ ਸਟੇਜ ਵਿਲਾਸਮਈ ਅਤੇ ਅਨੰਦ ਵੱਲ ਸੰਕੇਤ ਕਰਦੀ ਹੈ। ਇਸ ਵਿੱਚ ਕਰੂਰ ਕਾਮਵਾਸ਼ਨਾਵਾਂ ਤੋਂ ਲੈ ਕੇ ਕਲਾਤਮਕ ਮਨੋਰੰਜਨ ਤੱਕ ਕਈ ਦਰਜਿਆਂ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ। ਪਰ ਇਸ ਸਥਿਤੀ ਵਿੱਚ ਸੰਤਾਪ ਅਤੇ ਨਿਰਾਸ਼ਤਾ ਹਾਜ਼ਰ ਰਹਿੰਦੀ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 26