ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/50

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਰੱਬ ਪੂਰਨ ਤੌਰ 'ਤੇ ਵੱਖਰਾ (God as wholly other)

ਰੱਬ ਬੰਦਿਆਂ ਤੋਂ ਪੂਰਨ ਤੌਰ ਤੇ ਵੱਖਰਾ ਹੈ। ਬੁਲਟਮਾਨ ਨੇ ਇਹ ਧਾਰਨਾ ਆਪਣੇ ਪੂਰਬਲਿਆਂ ਤੋਂ ਪ੍ਰਾਪਤ ਕੀਤੀ ਪਰ ਇਸਨੂੰ ਪੂਰੀ ਤਰ੍ਹਾਂ ਅਪਨਾਇਆ ਅਤੇ ਸਮਝਿਆ। ਬੁਲਟਮਾਨ ਦਾ ਮੱਤ ਹੈ ਕਿ ਬੰਦੇ ਦੀ ਵਾਸਤਵਿਕ ਸਥਿਤੀ ਮਾੜੇ ਕਰਮਾਂ ਅਰਥਾਤ ਅਪਰਾਧ ਵਾਲੀ ਹੈ। ਇਸ ਕਰਕੇ ਜੇ ਉਹ ਰੱਬ ਦੀ ਗੱਲ ਕਰਨੀ ਚਾਹੁੰਦਾ ਤਾਂ ਹੈ ਪਰ ਉਹ ਇਸਦੇ ਸਮਰੱਥ ਹੀ ਨਹੀਂ। ਜੇ ਬੰਦਾ ਆਪਣੀ ਹੋਂਦ ਬਾਰੇ ਕੁੱਝ ਕਹਿਣਾ ਚਾਹੁੰਦਾ ਹੈ ਤਾਂ ਕਹਿ ਹੀ ਨਹੀਂ ਸਕਦਾ। ਜੇ ਉਸਨੇ ਕੁੱਝ ਬੋਲਣਾ ਹੈ ਤਾਂ ਰੱਬ ਵੱਲੋਂ ਬਖ਼ਸ਼ੀ ਹੋਂਦ ਕਾਰਨ ਹੀ ਬੋਲ ਸਕਦਾ ਹੈ। ਇੰਜ ਵੀ ਉਹ ਆਪਣੇ ਅਪਰਾਧੀ ਅਸਤਿਤਵ ਕਾਰਨ ਹੀ ਕਰ ਸਕਦਾ ਹੈ। ਉਹ ਸਮੁੱਚੀ ਹੋਂਦ ਵਿੱਚੋਂ ਰੱਬ ਦੇ ਦਰਸ਼ਨ ਨਹੀਂ ਕਰ ਸਕਦਾ ਕਿਉਂਕਿ ਰੱਬ ਤਾਂ ਉਸ ਤੋਂ ਵੱਖਰਾ (Wholly other) ਹੈ।ਉਹ ਮਨੁੱਖਤਾ ਲਈ ਅਪਹੁੰਚ ਹੈ। ਰੱਬ ਆਪਣਾ ਪ੍ਰਗਟਾਵਾ ਮਨੁੱਖੀ ਸ਼ਰਤਾਂ ਦੀ ਥਾਂ ਆਪਣੀਆਂ ਸ਼ਰਤਾਂ ਤੇ ਕਰਦਾ ਹੈ। ਅਜਿਹਾ ਪ੍ਰਗਟਾਵਾ ਵੀ ਮਨੁੱਖੀ ਪਕੜ ਤੋਂ ਬਾਹਰ ਰਹਿੰਦਾ ਹੈ।

ਵਿਸ਼ਵਾਸ (Faith)

ਬੁਲਟਮਾਨ ਦਾ ਵਿਚਾਰ ਹੈ ਕਿ ਰੱਬੀ ਆਧਾਰ (Grounding in God) ਤੋਂ ਬਿਨਾਂ ਬੰਦੇ ਦਾ ਕੋਈ ਸੰਸਾਰ ਨਹੀਂ ਹੈ। ਇਸ ਲਈ ਰੱਬੀ ਆਧਾਰ ਨੂੰ ਨਵੀਂ ਦਿਸ਼ਾ ਦੇਣੀ ਹੋਵੇਗੀ। ਇਸ ਵਾਸਤੇ ਰੱਬੀ ਮਿਹਰ ਨੂੰ ਸਮਝਣਾ ਹੋਵੇਗਾ। ਇਸ ਸੰਬੰਧੀ ਉਹ ਈਸਾ ਦੀ ਸੂਲੀ ਵਾਲੀ ਘਟਨਾ ਦਾ ਹਵਾਲਾ ਦਿੰਦਾ ਹੈ। ਇਥੋਂ ਹੀ ਸਮਝ ਪੈਂਦੀ ਹੈ ਕਿ ਬੰਦੇ ਦਾ ਅਸਤਿਤਵ ਉਸਦਾ ਆਪਣਾ ਨਹੀਂ ਸਗੋਂ ਇਹ ਤਾਂ ਰੱਬੀ ਤੋਹਫ਼ਾ ਹੈ। ਈਸਾ ਪ੍ਰਮਾਣਿਕ ਅਸਤਿਤਵ ਦੀ ਸਰਵੋਤਮ ਉਦਾਹਰਨ ਹੈ। ਸ਼ਹੀਦੀ ਦਾ ਸੰਦੇਸ਼ ਹੈ ਕਿ ਮ੍ਰਿਤੂ ਬੰਦੇ ਦੇ ਵਸ ਵਿੱਚ ਨਹੀਂ। ਬੰਦਾ ਅਜਿਹੀ ਸਮਝ ਤੋਂ ਦੂਰ ਰਹਿਣ ਕਾਰਨ ਹੀ ਅਪ੍ਰਮਾਣਿਕ ਜੀਵਨ ਜੀਅ ਰਿਹਾ ਹੈ। ਪਰ ਧਰਮ ਦੇ ਸੁਨੇਹੇ ਨਾਲ ਜੁੜਨਾ ਹੀ ਵਿਸ਼ਵਾਸ ਹੈ। ਵਿਸ਼ਵਾਸ ਫ਼ੈਸਲੇ ਨਾਲ ਨੇੜਿਓਂ ਸੰਬੰਧਤ ਹੈ। ਵਿਸ਼ਵਾਸ, ਸ਼ਬਦ ਦੀ ਘੋਸ਼ਣਾ ਵਿੱਚ, ਨਦਰ ਸਾਹਵੇਂ ਲਿਆ ਫ਼ੈਸਲਾ ਹੈ। ਇਉਂ ਬੰਦੇ ਨੂੰ ਆਪਣੀ ਖ਼ੁਦੀ ਦਾ ਗਿਆਨ ਹੋ ਜਾਂਦਾ ਹੈ। ਦਰਅਸਲ ਰੱਬੀ ਸੰਦੇਸ਼ ਦਾ ਉੱਤਰ ਹੀ ਵਿਸ਼ਵਾਸ ਹੈ। ਬੁਲਟਮਾਨ ਲਈ ਵਿਸ਼ਵਾਸ ਵਾਲਾ ਜੀਵਨ ਇਸ ਤੋਂ ਵੱਧ ਕੁੱਝ ਨਹੀਂ ਕਿ ਬੰਦਾ ਆਪਣੀ ਅਸਤਿਤਵੀ ਹੋਂਦ ਦੀਆਂ ਸੰਭਾਵਨਾਵਾਂ ਨੂੰ ਸਮਝੇ।

ਅਮਿੱਥੀਕਰਨ (Demythologization)

ਬੁਲਟਮਾਨ ਦਾ ਮਿੱਥ ਦੇ ਵਿਰੁੱਧ ਵੱਡਾ ਇਤਰਾਜ਼ ਇਹ ਹੈ ਕਿ ਅਧੁਨਿਕ ਸਮੇਂ ਇਹ ਈਸਾਈ ਧਾਰਮਿਕ ਸੰਦੇਸ਼ ਦੇ ਰਾਹ ਵਿੱਚ ਰੋੜਾ ਬਣਦਾ ਹੈ। ਉਹ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 50