ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸਦੀਆਂ ਲੱਭਤਾਂ ਨੂੰ ਹੋਰ ਸਬੂਤਾਂ ਦੀ ਲੋੜ ਨਹੀਂ ਹੁੰਦੀ। ਚੇਤਨਾ ਦੇ ਵਿਸ਼ਲੇਸ਼ਣ ਵਜੋਂ ਇਹ ਵਿਧੀ ਵਿਗਿਆਨਕ ਆਖੀ ਜਾ ਸਕਦੀ ਹੈ। ਇਸ ਵਿਧੀ ਵਿੱਚ ਯੋਗਤਾਵਾਦ ਅਤੇ ਕਾਰਨਵਾਦ ਵਿੱਚ ਸੰਧੀ ਹੁੰਦੀ ਹੈ। ਇਸ ਵਿਧੀ ਦੁਆਰਾ ਸਥੂਲ ਅਤੇ ਵਿਵਹਾਰਿਕ ਰੂਪ ਵਿੱਚ ਜੀਵਨ ਜੀਅ ਰਹੇ ਮਨੁੱਖ/ਪਾਤਰ ਦੇ ਅਸਤਿਤਵ ਨੂੰ ਸਮਝਣ ਦਾ ਯਤਨ ਕੀਤਾ ਜਾਂਦਾ ਹੈ।

ਇਸ ਅਧਿਐਨ ਅਨੁਸਾਰ ਪੂਰਵ ਜਾਣਕਾਰੀ, ਪੂਰਵ ਅਨੁਮਾਨ ਜਾਂ ਆਮ ਸੂਝ ਦੀ ਦਖ਼ਲ-ਅੰਦਾਜ਼ੀ 'ਤੇ ਕੁੰਡਾ ਲਾਇਆ ਜਾਂਦਾ ਹੈ। ਹੁਸਰਲ ਦਾ ਵਿਚਾਰ ਹੈ ਕਿ ਚੇਤਨਾ ਹਮੇਸ਼ਾ ਹੀ ਕਿਸੇ ਵਸਤੂ ਦੀ ਚੇਤਨਾ ਹੁੰਦੀ ਹੈ। ਅਸਤਿਤਵ ਦਾ ਅਧਿਏਤਾ ਪੂਰਵ ਜਾਣਕਾਰੀ ’ਤੇ ਅਪੋਕ (Epoche) ਲਾਉਂਦਾ ਹੈ। ਇਸਨੂੰ ਪੂਰਵ ਧਾਰਣਾਵਾਂ ਦੀ ਮੁਅੱਤਲੀ (Suspension) ਵੀ ਆਖਿਆ ਜਾਂਦਾ ਹੈ। ਭਾਵ ਕਿ ਪੂਰਵ-ਅਨੁਮਾਨਾਂ ਦੀ ਬਰੈਕਟਿੰਗ (Bracketing) ਕੀਤੀ ਜਾਂਦੀ ਹੈ। ਏਦਾਂ ਕਰਨ ਨਾਲ ਪੂਰਵ-ਧਾਰਣਾਵਾਂ ਵਾਲਾ ਸਿੱਧਾਂਤ ਆਪਣੇ ਆਪ ਰੱਦ ਹੋ ਜਾਂਦਾ ਹੈ। ਅਪੋਕ ਦੇ ਸਿਧਾਂਤ ਨੂੰ ਹੇਠ ਲਿਖੇ ਅਨੁਸਾਰ ਸਮਝਿਆ ਜਾ ਸਕਦਾ ਹੈ:

(ਪੂਰਵ-ਧਾਰਣਾਵਾਂ)

ਵਰਤਮਾਨ ਪ੍ਰਤੱਖਣ = ਘਟਨਾ ਕਿਰਿਆ ਰਾਹੀਂ ਤਾਜ਼ਾ ਪਹੁੰਚ

ਇਸ ਪ੍ਰਕਾਰ ਘਟਨਾ ਕਿਰਿਆ ਵਿਗਿਆਨ ਦੀ ਬੁਨਿਆਦੀ ਵਿਧੀ ਲਘੂਕਰਣ (Phenomenological Reduction) ਹੈ।ਪ੍ਰਤੱਖਣ ਕਰਤਾ ਪਹਿਲਾਂ ਅਣਛੋਹੇ ਵਿਸ਼ੇ ਨੂੰ ਆਪਣੇ ਧਿਆਨ ਦੇ ਕੇਂਦਰ (Focalize) ਹੇਠ ਲਿਆਉਂਦਾ ਹੈ। ਇਹ ਕਿਸੇ ਵਿਸ਼ੇ ਦਾ ਗਿਆਨ ਚੇਤਨ ਪੱਧਰ 'ਤੇ ਹੋ ਜਾਂਦਾ ਹੈ। ਅਸਤਿਤਵ ਦੇ ਅਨੁਭਵ ਦੀ ਕਿਰਿਆ ਉਨ੍ਹਾਂ ਘਟਨਾਵਾਂ ਦੀ ਵਿਆਖਿਆ ਵਿੱਚ ਹੁੰਦੀ ਹੈ ਜਿਨ੍ਹਾਂ ਦੁਆਰਾ ਕੋਈ ਘਟਨਾ ਸਾਕਾਰ ਹੁੰਦੀ ਹੈ। ਘਟਨਾ ਕਿਰਿਆ ਵਿਗਿਆਨ ਸੰਬੰਧੀ Paul Tillich ਦਾ ਵਿਚਾਰ ਹੈ: "The Phenomenological description is that the picture given by it is convincing, that it can be seen by anyone who is willing to look in the same direction, illuminates other related ideas, and that it makes the reality which these ideas are supposed to reflect understandable."

ਦਰਅਸਲ 1901 ਤੋਂ 1916 ਤੱਕ ਘਟਨਾ ਕਿਰਿਆ ਵਿਗਿਆਨ ਦਾ ਬੋਲਬਾਲਾ ਰਿਹਾ। ਹੁਸਰਲ ਆਪਣੇ ਵਿਦਿਆਰਥੀਆਂ ਨੂੰ ਆਗਮਨ ਵਿਧੀ ਰਾਹੀਂ ਆਪ ਸਿੱਟਿਆਂ ਤੇ ਪੁੱਜਣ ਦੀ ਪ੍ਰੇਰਣਾ ਦੇਣ ਵਾਲਾ ਪ੍ਰੋਫ਼ੈਸਰ ਸੀ। ਪ੍ਰਸਿੱਧ ਅਸਤਿਤਵਵਾਦੀ ਚਿੰਤਕ ਮਾਰਟਿਨ ਹਾਈਡਿਗਰ ਅਤੇ ਜਾਂ ਪਾਲ ਸਾਰਤਰ ਦਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 55