ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਨਸ਼ਈ ਸ਼ਰਾਬ ਤੋਂ ਤੋਬਾ ਕਰਦਾ ਹੈ ਪਰ ਜਦ ਠੇਕੇ ਕੋਲ ਦੀ ਲੰਘਦਾ ਹੈ। ਤਾਂ ਫੇਰ ਪੀ ਲੈਂਦਾ ਹੈ। ਇਹ ਸਥਿਤੀ ਸਾਰਤਰ ਅਨੁਸਾਰ ਹੋਰ ਹੈ। ਇਥੇ ਭੂਤ ਦਾ ਪ੍ਰਭਾਵ ਨਹੀਂ ਸਗੋਂ ਉਸਦਾ ਭੂਤ ਟੁੱਟ ਭੱਜ ਦੀ ਸਥਿਤੀ ਵਿੱਚ ਹੈ। ਇਸੇ ਟੁੱਟ ਭੱਜ ਕਾਰਨ ਭੂਤ ਅਤੇ ਉਸਦੇ ਦਰਮਿਆਨ ਸ਼ੁਨਅਤਾ ਆ ਗਈ ਹੈ। ਜਿਸ ਕਾਰਨ ਉਹ ਭੂਤ ਤੋਂ ਬੇਵੱਸ ਹੈ। ਸਾਰਤਰ ਇਸ ਪ੍ਰਕਾਰ ਦੀ ਸ਼ੁਨਅਤਾ ਨੂੰ ਸੰਤਾਪ (Anguish) ਅਨੁਸਾਰ ਸਮਝਦਾ ਹੈ।

ਖੋਟਾ ਨਿਸ਼ਚਾ (Bad Faith)

ਇਸਨੂੰ ਸਵੈ-ਧੋਖਾ ਵੀ ਕਹਿ ਸਕਦੇ ਹਾਂ। ਇਸਨੂੰ ਸਾਰਤਰ ਨੇ ਫਰਾਈਡ ਦੀ ਅਚੇਤ (Un-Conscious) ਲਈ ਵੀ ਪ੍ਰਯੋਗ ਕੀਤਾ ਹੈ। ਖੋਟੇ ਨਿਸ਼ਚੇ ਵਿੱਚ ਬੰਦਾ ਆਪਣੀ ਮਾਨਸਿਕ ਦਸ਼ਾ ਦਾ ਝੂਠਾ ਪਰਛਾਵਾਂ ਪੇਸ਼ ਕਰਦਾ ਹੈ। ਸਾਰਤਰ ਅਨੁਸਾਰ ਦ੍ਰਿਸ਼ਟਮਾਨ ਯਥਾਰਥ ਸੰਸਾਰ ਦਾ ਆਕਾਰ ਹੁੰਦਾ ਹੈ। ਇਸ ਸੰਕਲਪ ਅਨੁਸਾਰ ‘ਸਵੈ' ਸੁਤੰਤਰਤਾ, ਜ਼ਿੰਮੇਵਾਰੀ ਅਤੇ ਸੰਤਾਪ ਤੋਂ ਪਰਾਹਣ ਅਖ਼ਤਿਆਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਪਾਰਗਮਤਾ (Transcendence) ਅਤੇ ਤਥਾਤਮਕਤਾ (Facticity) ਦਰਮਿਆਨ ਦੁਚਿੱਤੀ ਦੀ ਅਵਸਥਾ ਹੁੰਦੀ ਹੈ। ਜਦੋਂ 'ਮੈਂ' ਕਿਸੇ ਅੱਗੇ ਝੂਠ ਬੋਲਦਾ ਹਾਂ ਤਾਂ ਮੈਂ ਉਸ ਪਾਸੋਂ ਸੱਚ ਨੂੰ ਛੁਪਾਉਂਦਾ ਹੈ। ਜਦੋਂ ਮੈਂ ਆਪਣੇ ਆਪ ਅੱਗੇ ਝੂਠ ਬੋਲਦਾ ਹਾਂ ਉਦੋਂ ਮੈਂ ਆਪਣੇ ਸਵੈ ਤੋਂ ਸੱਚ ਨੂੰ ਛੁਪਾਉਂਦਾ ਹਾਂ। ਅਸੀਂ ਉਸ ਸਮੇਂ ਖੋਟੇ ਨਿਸ਼ਚੇ ਵਿੱਚ ਹੁੰਦੇ ਹਾਂ ਜਦੋਂ ਅਸੀਂ ਆਪਣੀ ਨੀਝ ਨਾਲ ਕਿਸੇ ਬੰਦੇ ਨੂੰ (ਦਰਜੀ, ਵੇਟਰ, ਸਿਪਾਹੀ, ਮਾਸਟਰ, ਡਰਾਈਵਰ, ਕੰਡਕਟਰ, ਚੌਕੀਦਾਰ) ਵਸਤੂ ਵਿੱਚ ਬਦਲ ਦਿੰਦੇ ਹਾਂ ਪਰ ਜਦੋਂ ਇਹ ਬੰਦੇ ਆਪਣੇ ਆਪ ਨੂੰ ਅਜਿਹਾ ਸਮਝਣ ਲੱਗ ਪੈਣ ਤਾਂ ਉਹ ਵੀ ਖੋਟੇ ਨਿਸ਼ਚੇ ਵਿੱਚ ਹੁੰਦੇ ਹਨ।

ਸੁਚੇਤ (Consciousness) ਅਤੇ
ਅਚੇਤ (Unconsciousness)
ਦਰਮਿਆਨ ਅੰਤਰ

ਸਾਰਤਰ ਅਤੇ ਫਰਾਈਡ ਦਰਮਿਆਨ ਇਸ ਸੰਬੰਧੀ ਮੱਤ ਭੇਦ ਹੈ, ਸਾਰਤਰ ਅਨੁਸਾਰ ਸਾਰਾ ਵਿਵਹਾਰ ਚੇਤਨਾ ਦੁਆਰਾ ਹੁੰਦਾ ਹੈ। ਚੇਤਨਾ ਦਾ ਮੁੱਖ ਲੱਛਣ What it is not ਹੈ ਨਾ ਕਿ What it is ਸਾਰਤਰ ਅਨੁਸਾਰ ਖ਼ਾਹਸ਼ਾਂ ਨੂੰ ਦਬਾਉਣ (Repress) ਦਾ ਕਾਰਜ ਵੀ ਚੇਤਨਾ ਹੀ ਕਰਦੀ ਹੈ, ਅਚੇਤ ਨਹੀਂ। ਸਾਰਤਰ ਵਿਚਾਰਾਂ ਬਾਰੇ ਸੁਚੇਤ ਹੈ, ਉਹਨਾਂ ਵਿੱਚ ਉਸਨੂੰ ਕੁਝ ਵੀ ਅਚੇਤ ਨਹੀਂ ਜਾਪਦਾ। ਦਬਾਈਆਂ ਗਈਆਂ ਖ਼ਾਹਿਸ਼ਾਂ ਵੀ ਸੁਚੇਤ ਹਨ। ਬੰਦਾ ਆਪਣੇ ਅੱਗੇ ਅਤੇ ਦੂਜਿਆਂ ਅੱਗੇ ਝੂਠ ਦੀ ਵਰਤੋਂ ਸੁਚੇਤ ਹੋ ਕੇ ਕਰਦਾ ਹੈ, ਨਾ ਕਿ ਅਚੇਤ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 82