ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/86

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਹੀਂ ਹੁੰਦੀ। ਕੀਮਤ ਦਾ ਸੱਚ ਇਸ ਗੱਲ ਵਿੱਚ ਨਿਹਿਤ ਹੈ ਕਿ ਇਹ ਚੁਣੀ ਗਈ ਹੈ, ਨਾ ਕਿ ਚੁਣੀ ਚੁਣਾਈ ਮਿਲੀ ਹੈ। ਸਾਰਤਰ ਕੀਰਕੇਗਾਰਦ ਨਾਲ ਸਹਿਮਤ ਹੈ ਜਦੋਂ ਉਹ ਕਹਿੰਦਾ ਹੈ- It is in my freedom who authorize the Bible, to guide me and I am responsible for that authorization ਕੀਮਤਾਂ ਤੋਂ ਸਾਰਤਰ ਦਾ ਭਾਵ ਹੈ- 'ਮੇਰੇ' ਅਨੁਭਵ ਦੇ ਉਹ ਪੱਖ ਜੋ ਕਾਰਨ ਵਸ ਹੀ ਸੰਪੰਨ ਨਹੀਂ ਹੁੰਦੇ ਸਗੋਂ ‘ਮੈਥੋਂ' ਕਲੇਮ ਵੀ ਕਰਦੇ ਹਨ।

ਡਰ, ਤੀਬਰ-ਵੇਦਨਾ ਅਤੇ ਚਿੰਤਾ (Fear, Anguish and Anxiety)

ਡਰ ਉਦੋਂ ਪੈਦਾ ਹੁੰਦਾ ਹੈ ਜਦੋਂ ਬੰਦੇ ਦੀ ਜ਼ਿੰਦਗੀ ਵਿੱਚ ਬਾਹਰੋਂ ਕਿਸੇ ਤਬਦੀਲੀ ਦੀ ਸੰਭਾਵਨਾ ਹੋਵੇ। ਤੀਬਰ-ਵੇਦਨਾ ਉਦੋਂ ਪੈਦਾ ਹੁੰਦੀ ਹੈ ਜਦੋਂ ਕਿਸੇ ਪਰਿਸਥਿਤੀ ਵਿੱਚ ਕੀਤੇ ਪ੍ਰਤੀਕਰਮ ਦੀ ਭਰੋਸੇਯੋਗਤਾ ਨਾ ਰਹੇ। ਜੇ ਕੋਈ ਸਿਪਾਹੀ ਯੁੱਧ ਵਿੱਚ ਬੰਬ ਸੁੱਟਣ ਦੀ ਤਿਆਰੀ ਕਰ ਰਿਹਾ ਹੈ ਤਾਂ ਉਸਦੇ ਮਨ ਵਿੱਚ ਪਹਿਲਾਂ ‘ਡਰ’ ਪੈਦਾ ਹੋਵੇਗਾ। ਜਦੋਂ ਉਸਦੇ ਮਨ ਵਿੱਚ ਸਥਿਤੀ ਨਾਲ ਨਿਪਟਣ ਦੀ ਚਿੰਤਾ ਪੈਦਾ ਹੋਵੇਗੀ ਤਾਂ ‘ਤੀਬਰ-ਵੇਦਨਾ' ਉਤਪੰਨ ਹੁੰਦੀ ਹੈ। ਇੱਕ ਵਿਦਿਆਰਥੀ ਦੇ ਮਨ ਵਿੱਚ ਪਰੀਖਿਆ ਲਈ ਤਿਆਰੀ ਕਰਦੇ ਸਮੇਂ ਡਰ ਪੈਦਾ ਹੁੰਦਾ ਹੈ। ਪਰੀਖਿਆ ਭਵਨ ਵੱਲ ਟੁਰਨ ਸਮੇਂ ਤੀਬਰ ਵੇਦਨਾ ਪੈਦਾ ਹੁੰਦੀ ਹੈ। ਸੰਖੇਪ ਇਹ ਕਿ ਜੇ ‘ਸਥਿਤੀ' ਬੰਦੇ ਉੱਪਰ ਕਾਰਜਸ਼ੀਲ ਹੈ ਤਾਂ ‘ਭੈਅ’ ਪਰ ਜੇ ‘ਬੰਦਾ’ ‘ਸਥਿਤੀ' ਤੇ ਕਾਰਜਸ਼ੀਲ ਹੈ ਤਾਂ ਤੀਬਰ-ਵੇਦਨਾ ਪੈਦਾ ਹੁੰਦੀ ਹੈ। ਚਿੰਤਾ ਵਿੱਚ ਡਰਾਉਣ ਵਾਲੀ ਕੋਈ ਸਿੱਧੀ ਵਸਤੁ ਨਹੀਂ ਹੁੰਦੀ ਪਰ ਇਸ ਵਿੱਚ ਮੇਰੇ ਆਪੇ ਦੀ ਸੰਭਾਵਨਾ ਮੈਥੋਂ ਗੁਆਚ ਜਾਂਦੀ ਹੈ। ਚਿੰਤਾ ‘ਮੈਂ-ਵਾਦ' ਦੀ ਪਰਖ ਕਰਦੀ ਹੈ। ਚਿੰਤਾ ਵਸਤੂਆਂ ਨੂੰ ਜਿਵੇਂ ਉਹ ਹਨ ਉਵੇਂ ਸਮਝਣ ਨੂੰ ਨਸ਼ਟ ਕਰਦੀ ਹੈ। ਉਹ ਅਬਸਰਡ ਹੋ ਜਾਂਦੀਆਂ ਹਨ। ਜੋ ਕੁੱਝ ਬਚਦਾ ਹੈ, ਉਹ ਫੋਕੀ ਪਛਾਣ ਹੁੰਦੀ ਹੈ।

ਭੋਇ ਬਨਾਮ ਆਕਾਰ (Ground Vs Figure)

ਜਦੋਂ ਕੋਈ ਬੰਦਾ ਕਿਸੇ ਨੂੰ ਕਿਸੇ ਸਥਾਨ 'ਤੇ ਮਿਲਣ ਲਈ ਜਾਂਦਾ ਹੈ ਤਾਂ ਉਸ ਸਥਾਨ ਤੇ ਹੋਰ ਸਭ ਕੁਝ ਤਾਂ ਹੋਵੇ ਪਰ ਜਿਸਨੂੰ ਮਿਲਣਾ ਹੈ, ਉਹ ਨਾ ਹੋਵੇ ਤਾਂ ਇਸਦਾ ਭਾਵ ਹੈ ਕਿ ਗਰਾਉਂਡ ਤਾਂ ਹੈ ਪਰ ਫ਼ਿਗੁਰ ਨਹੀਂ ਹੈ।

ਦੂਜੇ ਬੰਦੇ (Other People)

ਦੂਜਾ ਬੰਦਾ ਮੈਨੂੰ ਵਸਤੂ ਬਣਾਕੇ ਮੇਰਾ ਅਸਤਿਤਵ ਮੈਥੋਂ ਖੋਹ ਲੈਂਦਾ ਹੈ। 'ਮੈਂ' ਜਿਵੇਂ ਦੂਜੇ ਨੂੰ ਵਿਖਾਈ ਦਿੰਦਾ ਹਾਂ, ਉਸਦੇ ਤੱਕਣ ਤੋਂ ਸ਼ਰਮਿੰਦਾ ਹਾਂ। 'ਮੇਰੀ' ਮੌਲਿਕ ਗਿਰਾਵਟ ਦੂਜੇ ਬੰਦੇ ਦਾ ਅਸਤਿਤਵ ਬਣ ਜਾਂਦੀ ਹੈ। ਇਸੇ ਨੂੰ ਸਾਰਤਰ Hell is the Other People ਕਹਿੰਦਾ ਹੈ। ਇਸ ਦੇ ਉਲਟ ਆਪਾਂ ਕਹਿ ਸਕਦੇ ਹਾਂ ਕਿ ਸਹਾਇਕ ਬੰਦੇ Heaven is the other people ਵੀ ਹੋ ਸਕਦੇ ਹਨ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 86