ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋ ਗਏ/ਗੰਗਾ ਦੇ ਜਲ ਗੰਧਲੇ ਹੋ ਗਏ/ਸਾਰੇ ਚਾਨਣ ਧੁੰਦਲੇ ਹੋ ਗਏ/ਤੇ ਉਹ ਚੰਨ ਤੇ ਸੂਰਜ ਦੀ ਵਹਿੰਗੀ ਸਰਵਣ ਨੂੰ ਚੁੱਕਣ ਲਈ ਕਹਿੰਦਾ ਹੈ ਤਾਂ ਅਜਿਹੇ ਧੁੰਦ ਗੁਬਾਰ ਨੂੰ ਸਮਝਣ ਲਈ ਕਿਹੜਾ ਤਰਕ ਬਾਕੀ ਰਹਿ ਜਾਂਦਾ ਹੈ। ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਅਸਤਿਤਵਵਾਦ ਬੌਧਿਕਤਾ/ਗਿਆਨਕਰਨ ਵਿਰੁੱਧ ਬਾਗੀ ਦ੍ਰਿਸ਼ਟੀ ਨਹੀਂ ਰੱਖਦਾ। ਨੁਕਤਾ ਕੇਵਲ ਇਤਨਾ ਹੈ ਕਿ ਕਈ ਵਾਰੀ ਅਪੂਰਨ ਤਾਰਕਿਕਤਾ ਮਨੁੱਖੀ ਜੀਵਨ ਦੀਆਂ ਹਨ੍ਹੇਰੀਆਂ ਤੈਹਾਂ ਨੂੰ ਸਮਝਣ ਤੋਂ ਅਸਮਰੱਥ ਰਹਿੰਦੀ ਹੈ। ਬੁੱਧੀ ਦਿਲ ਦੀ ਗੁਆਂਢਣ ਤਾਂ ਹੈ ਪਰ ਉਸਨੂੰ ਕਈ ਵਾਰੀ ਫਰੋਲਣ ਅਤੇ ਸੇਧ ਦੇਣ ਤੋਂ ਬੇਵਸੀ ਪ੍ਰਗਟ ਕਰ ਜਾਂਦੀ ਹੈ। ਜਜ਼ਬਾਤ ਕਈ ਵਾਰ ਹਾਵੀ ਹੋ ਕੇ ਬੁੱਧੀ ਨੂੰ ਭ੍ਰਿਸ਼ਟ ਕਰਦਾ ਵੇਖਿਆ ਜਾਂਦਾ ਹੈ। ਇਸੇ ਲਈ ਤਾਂ ਨੀਤਸ਼ੇ ਕਹਿੰਦਾ ਹੈ, 'One should hold fast one's heart, for when one letteth it go, how quickly doth one's head run away!'4

ਸਾਰੇ ਹੀ ਸਾਹਿਤਕਾਰ ਮਾਨਵੀ ਸਰੋਕਾਰਾਂ ਨਾਲ ਲਬਰੇਜ਼ ਰਚਨਾਵਾਂ ਸਿਰਜਦੇ ਹਨ ਜਿਨ੍ਹਾਂ ਵਿੱਚ ਅਸਤਿਤਵੀ ਸਰੋਕਾਰ ਆਪਣਾ ਵਿਲੱਖਣ ਸਥਾਨ ਰੱਖਦੇ ਹਨ।

ਭਾਸ਼ਾ ਦਾ ਪ੍ਰਯੋਗ ਲੇਖਕ ਦੇ ਆਪਣੇ ਅਸਤਿਤਵ ਨਾਲ ਸੰਬੰਧਤ ਕੀਤਾ ਜਾਂਦਾ ਹੈ। ਹਰ ਲੇਖਕ ਦੀ ਸ਼ੈਲੀ ਵਿੱਚ ਅੰਤਰ ਹੁੰਦਾ ਹੈ। ਅਨੇਕਾਂ ਵਾਰ ਲੇਖਕ ਤਕੀਆ ਕਲਾਮ ਵਰਤਦਾ ਹੈ। ਸਾਰਤਰ ਭਾਸ਼ਾ ’ਤੇ ਜ਼ਿਆਦਾ ਕੇਂਦਰਤ ਨਹੀਂ ਰਹਿੰਦਾ ਕਿਉਂਕਿ ਉਹ ਬੁਨਿਆਦੀ ਤੌਰ 'ਤੇ ਦਾਰਸ਼ਨਿਕ ਸੀ। ਨਿਰਸੰਦੇਹ ਉਹ ਨਾਟਕਕਾਰ, ਨਾਵਲਕਾਰ ਅਤੇ ਵਾਰਤਕ ਲੇਖਕ ਵੀ ਸੀ। ਭਾਸ਼ਾ ਦੀ ਦ੍ਰਿਸ਼ਟੀ ਤੋਂ ਮਾਰਸ਼ਲ ਨਾਲੋਂ ਸਾਰਤਰ ਅਤੇ ਸਾਰਤਰ ਨਾਲੋਂ ਹਾਈਡਿਗਰ ਭਿੰਨ ਹੈ। ਲੇਖਕ ਕਈ ਵਾਰੀ ਟਕਸਾਲੀ ਭਾਸ਼ਾ ਨਾਲੋਂ ਆਂਚਲਿਕਤਾ ਦਾ ਜ਼ਿਆਦਾ ਪ੍ਰਯੋਗ ਕਰ ਜਾਂਦੇ ਹਨ। ਸ਼ੈਲੀ ਹੀ ਸ਼ਖ਼ਸੀਅਤ ਹੈ, ਦਾ ਸਿਧਾਂਤ ਸਮਝਣਾ ਪੈਂਦਾ ਹੈ।

ਕਿਸੇ ਵੀ ਸਾਹਿਤਕਾਰ ਅਤੇ ਉਸਦੀ ਰਚਨਾ ਦੇ ਮੁਲਾਂਕਣ ਲਈ ਉਸਦੀ ਰਚਨਾ ਦੇ ਅੰਤਰੀਵ ਨੂੰ ਸਮਝਣਾ ਪੈਂਦਾ ਹੈ, ਬਾਹਰ ਨੂੰ ਨਹੀਂ। ਭਾਵੇਂ ਬਾਹਰ ਵੀ ਕਈ ਵਾਰ ਅੰਤਰੀਵ ਨੂੰ ਕਈ ਹਾਲਤਾਂ ਵਿੱਚ ਪ੍ਰਭਾਵਿਤ ਕਰ ਜਾਂਦਾ ਹੈ। ਫਿਰ ਵੀ ਅਸੀਂ ਭਾਈ ਵੀਰ ਸਿੰਘ, ਨਾਨਕ ਸਿੰਘ, ਬਾਵਾ ਬਲਵੰਤ, ਸ਼ਿਵ ਕੁਮਾਰ, ਅਵਤਾਰ ਸਿੰਘ ਪਾਸ਼, ਸੰਤ ਰਾਮ ਉਦਾਸੀ, ਕਿਰਪਾਲ ਕਜ਼ਾਕ ਆਦਿ ਲੇਖਕਾਂ ਦੀਆਂ ਬਾਹਰੀ ਡਿਗਰੀਆਂ ਨਹੀਂ ਵੇਖਦੇ। ਰਾਬਿੰਦਰ ਨਾਥ ਟੈਗੋਰ ਨੂੰ ਨੋਬਲ ਪੁਰਸਕਾਰ ਲਾਰਡ ਮੈਕਾਲੇ ਦੀ ਸਿੱਖਿਆ ਨੀਤੀ ਜਾਂ ਅੰਗਰੇਜ਼ ਸਰਕਾਰ ਦੁਆਰਾ ਸਥਾਪਿਤ ਕਿਸੇ ਵਿਸ਼ਵ-ਵਿਦਿਆਲੇ ਦੀ ਉਚੇਰੀ ਯੋਗਤਾ ਨੇ ਨਹੀਂ ਦਿਵਾਇਆ। ਸਿਰਜਨਾ ਅੰਦਰ ਲੇਖਕ ਅਤੇ ਉਸਦੇ ਪਾਤਰ ਦਾ ਅਸਤਿਤਵ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 93