ਸਮੱਗਰੀ 'ਤੇ ਜਾਓ

ਪੰਨਾ:ਅੱਖਰਾਂ ਦੀ ਸੱਥ.pdf/18

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪਾਰਲੀ ਕੋਠੀ ਵਾਂਗ ਆਪਣੀ ਕੋਠੀ ਨੂੰ ਵੀ ਬੂਹੇ-ਬਾਰੀਆਂ ਲਾਉਣ ਬਾਰੇ ਸੋਚਦਾ। ਪਰ ਚੱਕੀਰਾਹੇ ਨੂੰ ਲੱਕੜ ਤਰਾਸ਼ਣ ਤੇ ਜੁੜਨ ਦਾ ਵੱਲ ਨਹੀਂ ਆਉਂਦਾ ਸੀ। ਉਹ ਸਿਰਫ਼ ਲੱਕੜ ਵਿਚ ਸੁਰਾਖ਼ ਮਾਰਨੇ ਜਾਣਦਾ ਸੀ।

ਠੁਰ-ਠੁਰ ਕਰਦੇ ਚੱਕੀਰਾਹੇ ਨੇ ਇਕ ਦਿਨ ਵੇਖਿਆ ਕਿ ਉਸਦੀ ਬਾਲਕੋਨੀ ਵਿਚ ਸਿੱਧੀ ਧੁੱਪ ਪੈਂਦੀ ਸੀ। ਉਹ ਠੰਡ ਤੋਂ ਬੱਚਣ ਲਈ ਬਾਲਕੋਨੀ ਵਿਚ ਆਣ ਬੈਠਾ। ਪਰ ਚੱਕੀਰਾਹਾ, ਬਾਲਕੋਨੀ ਵਿਚ ਬੈਠਾ ਸੜਕ ਤੋਂ ਗੁਜਰਨ ਵਾਲੇ ਹਰੇਕ ਰਾਹਗੀਰ ਦੀ ਨਿਗ੍ਹਾ ਪੈਣ ਲੱਗ ਪਿਆ ਸੀ।

"ਸੜਕ ਤੋਂ ਗੁਜਰਨ ਵਾਲੇ ਇਨ੍ਹਾਂ ਰਾਹਗੀਰਾਂ ਵਿਚ ਕੋਈ ਸ਼ਿਕਾਰੀ ਵੀ ਹੋ ਸਕਦਾ।" ਚੱਕੀਰਾਹੇ ਨੂੰ ਖਿਆਲ ਆਇਆ। ਉਹ ਦੁਬਾਰਾ ਬਾਲਕੋਨੀ ਵਿਚ ਨਾ ਬੈਠਾ।

ਸਰਦ ਰੁੱਤ ਅਜੇ ਬੀਤੀ ਨਹੀਂ ਸੀ। ਸਰਦ ਰੁੱਤ ਵਿਚ ਹੀ ਇਕ ਦਿਨ ਕਿਸਾਨ ਆਪਣੀ ਫਸਲ ਵੇਖਣ ਆ ਗਿਆ। ਕਿਸਾਨ ਨੇ ਉਸ ਦਰੱਖਤ ਨੂੰ ਵੀ ਵੇਖਿਆ, ਜਿਸ ਦੇ ਤਣੇ ਵਿਚ ਚੱਕੀਰਾਹੇ ਨੇ ਕੋਠੀ ਬਣਾਈ ਸੀ। ਦਰੱਖਤ ਦੇ ਤਣੇ ਵਿਚ ਵੰਨ-ਸੁਵੰਨੇ ਸੁਰਾਖਾਂ ਨੂੰ ਵੇਖਕੇ ਕਿਸਾਨ ਬੇਹਦ ਦੁਖੀ ਹੋਇਆ।

"ਦਰੱਖਤ ਦਾ ਤਣਾ ਕੰਮਜ਼ੋਰ ਹੋ ਗਿਆ ਹੈ। ਹੁਣ ਇਹ ਹਨੇਰੀ-ਝੱਖਣ ਵਿਚ ਡਿਗ ਸਕਦਾ।" ਕਿਸਾਨ ਨੂੰ ਖਿਆਲ ਆਇਆ। ਕਿਸਾਨ ਨੇ ਉਸੇ ਵਕਤ ਦਰੱਖਤ ਨੂੰ ਛਾਂਗਣਾ ਸ਼ੁਰੂ ਕਰ ਦਿੱਤਾ। ਦਰੱਖਤ ਨੂੰ ਛਾਂਗਣ ਨਾਲ ਤਣੇ ਉਪਰੋਂ ਭਾਰ ਘੱਟ ਸਕਦਾ ਸੀ ਤੇ ਦਰੱਖਤ ਟੁੱਟਣੋਂ ਬੱਚ ਸਕਦਾ ਸੀ।

19/ਅੱਖਰਾਂ ਦੀ ਸੱਥ