ਸਮੱਗਰੀ 'ਤੇ ਜਾਓ

ਪੰਨਾ:ਅੱਖਰਾਂ ਦੀ ਸੱਥ.pdf/26

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਮੋਲੂ ਮੇਮਣਾ ਤੇ ਸ਼ੇਰ

ਜੰਗਲ ਵਿਚ ਕਈ ਦਿਨਾਂ ਬਾਅਦ ਧੁੱਪ ਨਿਕਲੀ ਸੀ। ਕਈ ਦਿਨਾਂ ਬਾਅਦ ਧੁੱਪ ਨਿਕਲੀ ਵੇਖਕੇ ਮੇਮਣੇ ਘਰੋਂ ਬਾਹਰ ਨਿਕਲ ਆਏ। ਉਹ ਬਾਹਰ ਮੈਦਾਨ ਵਿਚ ਜਾ ਕੇ ਖੇਡਣਾ ਚਾਹੁੰਦੇ ਸਨ।

ਮੇਮਣਿਆਂ ਦੇ ਗੁਆਂਢ ਵਿਚ ਮੋਲੂ ਨਾਂ ਦਾ ਇਕ ਹੋਰ ਮੇਮਣਾ ਰਹਿੰਦਾ ਸੀ। ਮੇਮਣਿਆਂ ਨੇ ਮੋਲੂ ਮੇਮਣੇ ਨੂੰ ਵੀ ਨਾਲ ਮੈਦਾਨ ਵਿਚ ਜਾਕੇ ਖੇਡਣ ਲਈ ਆਖਿਆ।

"ਮੈਂ ਨਹੀਂ ਅੱਜ ਮੈਦਾਨ ਵਿਚ ਖੇਡਣ ਜਾਂਦਾ। ਜੰਗਲ ਦੇ ਜਾਨਵਰ ਕਈ ਦਿਨਾਂ ਦੇ ਭੁੱਖੇ ਹਨ। ਕਿਧਰੇ ਸਾਨੂੰ ਹੀ ਨਾ ਦਬੋਚ ਲੈਣ।" ਮੋਲੂ ਨੇ ਨਾਂਹ ਕਰ ਦਿੱਤੀ। ਮੋਲੂ ਜਾਣਦਾ ਸੀ ਕਿ ਜੰਗਲ ਦੇ ਸਾਰੇ ਜਾਨਵਰ ਕਈ ਦਿਨਾਂ ਦੇ ਭੁੱਖੇ ਹਨ।

"ਤੂੰ ਯਾਰ! ਐਵੇਂ ਡਰਿਆ ਨਾ ਕਰ। ਬੱਚਿਆਂ ਨੂੰ ਕੋਈ ਕੁਝ ਨਹੀਂ ਕਹਿੰਦਾ।" ਮੇਮਣਿਆਂ ਨੇ ਦੁਬਾਰਾ ਆਖਿਆ। ਮੇਮਣਿਆਂ ਦੇ ਦੁਬਾਰਾ ਕਹਿਣ ’ਤੇ ਮੋਲੂ ਮੇਮਣਾ ਵੀ ਗੇਂਦ ਲੈਕੇ ਤੁਰ ਪਿਆ। ਮੋਲੂ ਡਰਦਾ ਸੀ ਕਿ ਦੂਸਰੇ ਮੇਮਣੇ ਕਿਧਰੇ ਉਸ ਨਾਲ ਕੱਟੀ ਹੀ ਨਾ ਪਾ ਦੇਣ।

ਹੁਣ ਤਿੰਨੇ ਮੇਮਣੇ ਮੈਦਾਨ ਵਿਚ ਆਕੇ 'ਪਿੱਠੂ ਗਰਮ’ ਖੇਡਣ ਤਾਂ ਲੱਗ ਪਏ ਸਨ। 'ਬੱਚਿਆਂ ਨੂੰ ਕੋਈ ਕੁਝ ਨਹੀਂ ਕਹਿੰਦਾ।' ਇਹ ਮੇਮਣਿਆਂ ਦਾ ਵਹਿਮ ਹੀ ਸੀ। ਮੇਮਣਿਆਂ ਨੇ ਅਜੇ ਖੇਡਣਾ ਸ਼ੁਰੂ ਹੀ ਕੀਤਾ ਸੀ ਕਿ ਉਨ੍ਹਾਂ ਨੂੰ ਸੇ਼ਰ ਆਉਂਦਾ ਦਿਸ ਪਿਆ।

ਸ਼ੇਰ ਨੂੰ ਵੇਖਕੇ ਦੂਸਰੇ ਦੋਵੇਂ ਮੇਮਣੇ ਭੱਜ ਗਏ। ਮੈਦਾਨ ਵਿਚ ਸਿਰਫ ਮੋਲੂ ਰਹਿ ਗਿਆ ਸੀ। ਮੋਲੂ ਦੀ ਗੇਂਦ ਸ਼ੇਰ ਨੇ ਕਾਬੂ ਕਰ ਲਈ ਸੀ ਤੇ ਮੋਲੂ ਆਪਣੀ ਗੇਂਦ ਛੱਡ ਕੇ ਜਾਣਾ ਨਹੀਂ ਚਾਹੁੰਦਾ ਸੀ।

"ਪੁੱਤਰ! ਭੱਜ ਕੇ ਜਾ। ਆਪਣੀ ਮਾਂ ਨੂੰ ਬੁਲਾ ਕੇ ਲਿਆ। ਇਕ ਜ਼ਰੂਰੀ ਗੱਲ ਕਰਨੀ ਹੈ।" ਸ਼ੇਰ ਨੇ ਮੋਲੂ ਨੂੰ ਆਖਿਆ।

ਸ਼ੇਰ ਦੇ ਕਹਿਣ ’ਤੇ ਮੋਲੂ ਆਪਣੀ ਮਾਂ ਨੂੰ ਬੁਲਾਉਣ ਤੁਰ ਪਿਆ। ਮੋਲੂ ਨੇ ਤੁਰਨ ਲੱਗੇ ਨੇ ਸ਼ੇਰ ਕੋਲ ਆਪਣੀ ਗੇਂਦ ਮੰਗੀ।

"ਠੀਕ ਹੈ ਅੰਕਲ! ਤੁਸੀਂ ਮੇਰੀ ਗੇਂਦ ਦੇ ਦੇਵੋ। ਮੈਂ ਹੁਣੇ ਆਪਣੀ ਮਾਂ ਨੂੰ ਬੁਲਾ ਕੇ ਲਿਆਉਂਦਾ ਹਾਂ।" ਮੋਲੂ ਨੇ ਆਖਿਆ। ਪਰ ਸ਼ੇਰ ਨੇ ਉਸਨੂੰ ਗੇਂਦ ਨਾ ਦਿੱਤੀ। ਸ਼ੇਰ ਨੂੰ ਪਤਾ ਸੀ ਕਿ ਜੇਕਰ ਮੋਲੂ ਨੂੰ ਗੇਂਦ ਮਿਲ ਗਈ ਤੇ ਫਿਰ ਉਸਨੇ ਵਾਪਸ ਨਹੀਂ ਮੁੜਨਾ।

"ਸ਼ੇਰ ਅੰਕਲ ਨੇ ਉਸਦੀ ਮਾਂ ਨਾਲ ਕੋਈ ਜ਼ਰੂਰੀ ਗੱਲ ਨਹੀਂ ਕਰਨੀ। ਸ਼ੇਰ ਨੇ ਤੇ ਮੇਰੀ ਮਾਂ ਨੂੰ ਖਾਣਾ ਹੈ।" ਘਰ ਨੂੰ ਤੁਰੇ ਜਾਂਦਿਆਂ ਮੋਲੂ ਨੂੰ ਖਿਆਲ ਆਇਆ।

27/ਅੱਖਰਾਂ ਦੀ ਸੱਥ