ਪੰਨਾ:ਅੱਖਰਾਂ ਦੀ ਸੱਥ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿੱਥੇ ਤੋਲੂ ਤੇ ਬਿੱਲੂ ਰਹਿੰਦੇ ਸਨ, ਉਥੇ ਇਕ ਅਵਾਰਾ ਬਾਂਦਰ ਵੀ ਰਹਿੰਦਾ ਸੀ। ਤੋਲੂ ਇਸ ਅਵਾਰਾ ਬਾਂਦਰ ਦੀ ਉਂਗਲ 'ਤੇ ਚੜ੍ਹ ਗਿਆ ਸੀ। ਬਾਂਦਰ ਹਰ ਵੇਲੇ ਤੋਲੂ ਨੂੰ ਪੁੱਠੀ ਪੱਟੀ ਪੜਾਉਂਦਾ ਰਹਿੰਦਾ ਸੀ।

ਬਿੱਲੂ, ਤੋਲੂ ਨੂੰ ਅਵਾਰਾਗਰਦੀ ਕਰਨ ਤੋਂ ਵਰਜ਼ਦਾ। ਪਰ ਤੋਲੂ, ਬਿੱਲੂ ਦਾ ਕਹਿਣਾ ਮੰਨਣ ਦੀ ਥਾਂ ਅੱਗਿਓ ਲੜਨ ਲੱਗ ਪੈਂਦਾ। ਤੋਲੂ ਫਿਰ ਕਈ ਕਈ ਦਿਨ ਬਿੱਲੂ ਨਾਲ ਨਾ ਬੋਲਦਾ।

ਜਿਸ ਦਰੱਖਤ ਉੱਪਰ ਤੋਲੂ ਤੇ ਬਿੱਲੂ ਰਹਿੰਦੇ ਸਨ, ਉਸੇ ਦਰੱਖਤ ਉੱਪਰ ਇਕ ਕਿੱਟੂ ਨਾਂ ਦਾ ਕਬੂਤਰ ਵੀ ਰਹਿੰਦਾ ਸੀ। ਕਿੱਟੂ ਅਕਸਰ ਤੋਲੂ ਨੂੰ ਬਿੱਲੂ ਨਾਲ ਲੜਦੇ-ਝਗੜਦੇ ਵੇਖਦਾ। ਕਿੱਟੂ ਨੇ ਵੀ ਤੋਲੂ ਨੂੰ ਸਮਝਾਇਆ।

"ਤੋਲੂ ਭਰਾ! ਤੈਨੂੰ ਇਸ ਬਾਂਦਰ ਦੀ ਚੁੱਕਣਾ ਵਿਚ ਆਕੇ ਅਵਾਰਾਗਰਦੀ ਨਹੀਂ ਕਰਨੀ ਚਾਹੀਦੀ। ਬਿੱਲੂ ਤੇਰਾ ਵੱਡਾ ਭਰਾ ਹੈ। ਤੈਨੂੰ ਬਿੱਲੂ ਦਾ ਕਹਿਣਾ ਮੰਨਣਾ ਚਾਹੀਦਾ ਹੈ।" ਕਿੱਟੂ ਨੇ ਆਖਿਆ ਪਰ ਤੋਲੂ ਦੇ ਕੰਨਾਂ ’ਤੇ ਜੂੰ ਨਾ ਸਰਕੀ।

ਬਿੱਲੂ ਕਈ ਦਿਨ ਵੇਖਦਾ ਰਿਹਾ। ਤੋਲੂ ਨਾ ਸੁਧਰਿਆ। ਹਾਰ ਕੇ ਬਿੱਲੂ ਨੇ ਤੋਲੂ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ। ਬਿੱਲੂ ਨੇ ਉਸੇ ਦਰੱਖਤ ਦੇ ਦੂਸਰੇ ਟਾਹਣ ਉੱਪਰ ਆਪਣੀ ਰਿਹਾਇਸ਼ ਵਾਸਤੇ ਵੱਖਰਾ ਆਲ੍ਹਣਾ ਬਣਾ ਲਿਆ। ਉਸਨੇ ਆਪਣਾ ਪਹਿਲਾਂ ਆਲ੍ਹਣਾ ਤੋਲੂ ਲਈ ਛੱਡ ਦਿੱਤਾ ਸੀ।

ਬਿੱਲੂ ਤੇ ਤੋਲੂ ਵੱਖ-ਵੱਖ ਰਹਿਣ ਲੱਗ ਪਏ ਸਨ। ਉਨ੍ਹਾਂ ਦੀ ਕੋਈ ਸਾਂਝ ਨਹੀਂ ਸੀ। ਬਿੱਲੂ ਨੂੰ ਹੁਣ ਸਿਰਫ ਆਪਣਾ ਹੀ ਫਿਕਰ ਸੀ। ਉਸਨੂੰ ਸਿਰਫ਼ ਆਪਣੇ ਵਾਸਤੇ ਚੋਗਾ ਲੈਕੇ ਆਉਣਾ ਪੈਂਦਾ ਸੀ। ਦੂਸਰੇ ਪਾਸੇ ਹੁਣ ਤੋਲੂ ਨੂੰ ਵੀ ਚੋਗਾ ਲੈਣ ਜਾਣਾ ਪੈਂਦਾ ਸੀ। ਉਹ ਦੁਖੀ ਹੋਇਆ ਬਿੱਲੂ ਨੂੰ ਛੇੜਦਾ ਰਹਿੰਦਾ ਸੀ ਤੇ ਲੜਨ ਦਾ ਬਹਾਨਾ ਲੱਭਦਾ ਰਹਿੰਦਾ ਸੀ। ਤੋਲੂ ਐਵੇਂ ਹੀ ਬਿੱਲੂ ਦੇ ਗਲ ਪੈਂਦਾ ਰਹਿੰਦਾ ਸੀ।

ਤੋਲੂ ਆਪਣੇ ਆਲ੍ਹਣੇ ਵਿਚ ਬੈਠਾ ਕਦੀਂ ਬਿੱਲੂ ਦੀਆਂ ਸਾਂਗਾਂ ਲਾਉਣ ਲੱਗ ਜਾਂਦਾ। ਕਦੀਂ ਉਹ ਦਰੱਖਤ ਦੀ ਸਿਖਰਲੀ ਟਹਿਣੀ ਉੱਪਰ ਬਹਿ ਕੇ ਬਿੱਲੂ ਉੱਪਰ ਵਿੱਠ ਕਰ ਦਿੰਦਾ।

ਫਿਰ ਇਕ ਦਿਨ ਚਲਾਕ ਬਾਂਦਰ ਨੇ ਤੋਲੂ ਨੂੰ ਕਿਧਰੋਂ ਇਕ ਚਾਕੂ ਲੱਭ ਕੇ ਲਿਆ ਦਿੱਤਾ। ਉਸਨੇ, ਤੋਲੂ ਨੂੰ ਚਾਕੂ ਖੋਲ੍ਹ ਕੇ ਬਿੱਲੂ ਉੱਪਰ ਸੁੱਟਣ ਲਈ ਆਖਿਆ। ਤੋਲੂ ਨੇ ਇੰਜ ਹੀ ਕੀਤਾ। ਬਿੱਲੂ ਨੇ ਆਪਣੇ-ਆਪ ਨੂੰ ਮਸ੍ਹਾਂ ਚਾਕੂ ਦੀ ਮਾਰ ਤੋਂ ਬਚਾਇਆ। ਉਸਨੇ ਤੋਲੂ ਨੂੰ ਇਹੋ ਜਿਹੀ ਹਰਕਤ ਕਰਨ ਤੋਂ ਵਰਜਿਆ ਤੇ ਅੱਗਿਓ ਉਹ ਲੜਨ ਲੱਗ ਪਿਆ।

ਤੋਲੂ ਜਿਸ ਬਾਂਦਰ ਦੀ ਉਂਗਲ 'ਤੇ ਚੜ੍ਹਿਆ ਸੀ, ਉਹ ਬੇਹਦ ਨਿਕੰਮਾ ਸੀ। ਬਾਂਦਰ ਹਮੇਸ਼ਾ ਦੂਸਰਿਆਂ ਦੀ ਲੜਾਈ ਵਿੱਚੋਂ ਫਾਇਦਾ ਲੈਣ ਦੀ ਤਾਕ ਵਿਚ ਰਹਿੰਦਾ ਸੀ।

"ਤੋਲੂ ਭਰਾ! ਤੂੰ, ਮੇਰੇ ਖਾਣ-ਪੀਣ ਲਈ ਕੁਝ ਲੈ ਆਇਆ ਕਰ। ਮੈਂ ਕੁਝ ਹੀ ਦਿਨਾਂ ਵਿਚ ਬਿੱਲੂ ਨੂੰ ਸਬਕ ਸਿਖਾ ਦੇਵਾਂਗਾ।" ਬਾਂਦਰ ਨੇ ਤੋਲੂ ਨੂੰ ਆਖਿਆ ਤੇ ਤੋਲੂ, ਬਾਂਦਰ ਪਿੱਛੇ ਲੱਗਕੇ ਉਸ ਲਈ ਰੋਟੀ ਤੇ ਹੋਰ ਨਿਕਸੁਕ ਲਿਆਉਣ ਲੱਗ ਪਿਆ।

ਬਾਂਦਰ, ਤੋਲੂ ਤੋਂ ਕਈ ਦਿਨ ਸੇਵਾ ਕਰਵਾਉਂਦਾ ਰਿਹਾ। ਫਿਰ ਇਕ ਦਿਨ ਬਾਂਦਰ ਨੇ ਦਰੱਖਤ ਉੱਪਰ ਚੜ੍ਹ ਕੇ ਬਿੱਲੂ ਦਾ ਆਲ੍ਹਣਾ ਤੋੜ ਕੇ ਹੇਠਾਂ ਸੁੱਟ ਦਿੱਤਾ। ਬਿੱਲੂ ਕੋਲ ਸਿਰ ਲੁਕਾਉਣ ਲਈ ਕੋਈ ਥਾਂ ਨਾ

34/ਅੱਖਰਾਂ ਦੀ ਸੱਥ