ਸਮੱਗਰੀ 'ਤੇ ਜਾਓ

ਪੰਨਾ:ਅੱਖਰਾਂ ਦੀ ਸੱਥ.pdf/34

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਬਚੀ। ਬਿੱਲੂ ਨੇ ਦੁਬਾਰਾ ਇਸ ਦਰੱਖਤ ਉੱਪਰ ਆਲ੍ਹਣਾ ਬਣਾਉਣ ਦੀ ਥਾਂ ਕਿਸੇ ਹੋਰ ਦਰੱਖਤ ਉੱਪਰ ਆਲ੍ਹਣਾ ਬਣਾਉਣ ਦਾ ਫੈਸਲਾ ਕਰ ਲਿਆ। ਉਹ ਦੁਬਾਰਾ ਲੜਾਈ ਵਿਚ ਨਹੀਂ ਪੈਣਾ ਚਾਹੁੰਦਾ ਸੀ।

ਬਿੱਲੂ ਨੂੰ ਇਥੋਂ ਜਾਂਦਿਆਂ ਵੇਖਕੇ ਤੋਲੂ ਬੇਹਦ ਖੁਸ਼ ਹੋਇਆ। ਪਰ ਤੋਲੂ ਦੀ ਇਹ ਖੁਸ਼ੀ ਝੂਠੀ ਸੀ। ਤੋਲੂ ਨੂੰ ਕੁਝ ਹੀ ਦਿਨਾਂ ਵਿਚ ਸਮਝ ਲੱਗ ਗਈ ਸੀ ਕਿ ਉਸਨੇ ਬਿੱਲੂ ਨੂੰ ਉਜਾੜ ਕੇ ਚੰਗਾ ਨਹੀਂ ਕੀਤਾ। ਬਿੱਲੂ ਦੇ ਜਾਣ ਤੋਂ ਬਾਅਦ ਤੋਲੂ ਰਾਤ ਨੂੰ ਇਕੱਲਾ ਡਰਦਾ ਰਹਿੰਦਾ ਸੀ। ਹੁਣ ਤੋਲੂ ਨੂੰ ਨਾ ਚਾਹੁੰਦੇ ਹੋਏ ਵੀ ਬਾਂਦਰ ਦੀ ਚਾਕਰੀ ਕਰਨੀ ਪੈ ਰਹੀ ਸੀ।

"ਤੋਲੂ ਭਰਾ! ਬਿੱਲੂ ਤੇਰਾ ਕਿਸੇ ਵੇਲੇ ਵੀ ਆਕੇ ਆਲ੍ਹਣਾ ਤੋੜ ਸਕਦਾ। ਮੈਂ, ਤੇਰੇ ਆਲ੍ਹਣੇ ਦੀ ਰਾਖੀ ਕਰਿਆ ਕਰਾਂਗਾ। ਤੂੰ, ਮੇਰੇ ਖਾਣਪੀਣ ਲਈ ਕੁਝ ਨਾ ਕੁਝ ਲਿਆਉਂਦਾ ਰਹਿ।" ਬਿੱਲੂ ਦਾ ਆਲ੍ਹਣਾ ਤੋੜਨ ਤੋਂ ਬਾਅਦ ਬਾਂਦਰ ਨੇ ਤੋਲੂ ਨੂੰ ਆਖਿਆ ਸੀ।

ਤੋਲੂ ਸਮਝ ਗਿਆ ਸੀ ਕਿ ਬਾਂਦਰ ਬੇਹਦ ਚਲਾਕ ਹੈ। ਉਸਨੇ ਜਿਸ ਦਿਨ ਬਾਂਦਰ ਦੇ ਖਾਣ-ਪੀਣ ਦਾ ਪ੍ਰਬੰਧ ਨਾ ਕੀਤਾ, ਉਸੇ ਦਿਨ ਬਾਂਦਰ ਨੇ ਉਸਦਾ ਆਸ਼ਿਆਨਾ ਤੋੜ ਦੇਣਾ ਹੈ। ਤੋਲੂ ਬਾਂਦਰ ਤੋਂ ਖਹਿੜਾ ਛੁਡਾਉਣ ਬਾਰੇ ਸੋਚਣ ਲੱਗਾ। ਪਰ ਤੋਲੂ ਨੂੰ ਕੋਈ ਵੀ ਪੰਛੀ ਆਪਣੇ ਕੋਲ ਵਸਾਉਣ ਲਈ ਤਿਆਰ ਨਹੀਂ ਸੀ। ਸਾਰੇ ਪੰਛੀ ਤੋਲੂ ਦੀਆਂ ਆਦਤਾਂ ਤੋਂ ਜਾਣੂੰ ਸਨ। ਤੋਲੂ ਕਿਸੇ ਵੀ ਤੀਸਰੇ ਦੀ ਉਂਗਲ 'ਤੇ ਚੜ੍ਹ ਕੇ ਪੰਛੀਆਂ ਦਾ ਨੁਕਸਾਨ ਕਰ ਸਕਦਾ ਸੀ।

ਤੋਲੂ ਬਿਲਕੁਲ ਡਾਂਵਾਂਡੋਲ ਹੋ ਗਿਆ ਸੀ। ਉਸਨੂੰ ਸਮਝ ਲੱਗ ਗਈ ਸੀ ਕਿ ਬਾਂਦਰ ਦੀ ਚੁੱਕਣਾ ਵਿਚ ਆਕੇ ਆਪਣਾ ਹੀ ਨੁਕਸਾਨ ਕੀਤਾ ਹੈ।

35/ਅੱਖਰਾਂ ਦੀ ਸੱਥ