ਪੰਨਾ:ਅੱਖਰਾਂ ਦੀ ਸੱਥ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਿੰਟੂ ਤੁਰਦਾ-ਤੁਰਦਾ ਆਪਣੇ ਪਿੰਡ ਦੇ ਨਜਦੀਕ ਪਹੁੰਚ ਗਿਆ। ਉਸਨੂੰ ਸਾਰੇ ਰਾਹ ਕੋਈ ਬਿੱਲੀ ਨਹੀਂ ਮਿਲੀ ਸੀ। ਪਰ ਆਪਣੇ ਪਿੰਡ ਦੇ ਨਜ਼ਦੀਕ ਪਹੁੰਚ ਕੇ ਸੜਕ ਕੰਢੇ ਖੜੀ ਇਕ ਝਾੜੀ ਵਿਚ ਸਰੜ-ਸਰੜ ਹੋਣ ਦੀ ਆਵਾਜ਼ ਸੁਣ ਕੇ ਚਿੰਟੂ ਇਕ ਦਮ ਤ੍ਰਬਕ ਗਿਆ। ਚਿੰਟੂ ਨੇ ਹਨੇਰੇ ਵਿਚ ਝਾੜੀ ਵੱਲ ਨਿਗ੍ਹਾ ਮਾਰੀ। ਇਕ ਸੱਪ ਚਿੰਟੂ ਵੱਲ ਭੱਜਾ ਆ ਰਿਹਾ ਸੀ। ਸੱਪ ਨੂੰ ਵੇਖਕੇ ਚਿੰਟੂ ਦੇ ਰੌਂਗਟੇ ਖੜੇ ਹੋ ਗਏ। ਚਿੰਟੂ ਭੱਜ ਪਿਆ।

ਚਿੰਟੂ ਨੇ ਭੱਜਦੇ ਹੋਏ ਨੇ ਆਪਣੀ ਪੂਰੀ ਵਾਹ ਲਾ ਦਿੱਤੀ ਸੀ। ਫਿਰ ਵੀ ਸੱਪ ਵਲੇਵੇਂ ਖਾਂਦਾ ਹੋਇਆ ਮਿੰਟਾਂ-ਸਕਿੰਟਾਂ ਵਿਚ ਉਸਦੇ ਨੇੜੇ ਪਹੁੰਚ ਗਿਆ। ਸੱਪ, ਚਿੰਟੂ ਨੂੰ ਫੜ੍ਹਨ ਹੀ ਵਾਲਾ ਸੀ ਕਿ ਚਿੰਟੂ ਨੂੰ ਬਚਾਉਣ ਲਈ ਸੜਕ ਦੇ ਦੂਸਰੇ ਪਾਸਿਓ ਝਾੜੀਆਂ ਵਿੱਚੋਂ ਇਕ ਨਿਓਲ ਨਿਕਲ ਆਇਆ। ਨਿਓਲ ਤੋਂ ਡਰਦਾ-ਮਾਰਾ ਸੱਪ ਵਾਪਸ ਭੱਜ ਗਿਆ।

ਚਿੰਟੂ ਇਕ ਵਾਰ ਸੱਪ ਤੋਂ ਬੱਚ ਗਿਆ ਸੀ। ਪਰ ਨਿਓਲ, ਸੱਪ ਦੀਆਂ ਆਦਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਸੱਪ ਫਿਰ ਚਿੰਟੂ ਦੇ ਪਿੱਛੇ ਲੱਗ ਸਕਦਾ ਸੀ। ਉਂਜ ਵੀ ਚਿੰਟੂ ਡਰ ਨਾਲ ਕੰਬੀ ਜਾ ਰਿਹਾ ਸੀ। ਇਸ ਕਰਕੇ ਨਿਓਲ, ਚਿੰਟੂ ਨੂੰ ਘਰ ਛੱਡਣ ਤੁਰ ਪਿਆ। ਚਿੰਟੂ ਦੀ ਮਾਂ ਘਰ ਦੇ ਬਾਹਰ ਭਰੀ-ਪੀਤੀ ਡੰਡਾ ਲਈ ਖੜ੍ਹੀ ਸੀ। ਉਸਨੇ ਇਕ ਵਾਰ ਸਵਾਰ ਕੇ ਚਿੰਟੂ ਦੀ ਪਰੇਡ ਕਰਨੀ ਸੀ। ਪਰ ਕੰਬਦੇ ਚਿੰਟੂ ਨੂੰ ਵੇਖਕੇ ਮਾਂ ਦਾ ਗੁੱਸਾ ਉਡ ਗਿਆ। ਉਸਨੇ ਚਿੰਟੂ ਨੂੰ ਗਲ਼ ਨਾਲ ਲਾ ਲਿਆ ਤੇ ਚਿੰਟੂ ਨੂੰ ਘਰ ਤਕ ਛੱਡਣ ਆਏ ਨਿਓਲ ਦਾ ਧੰਨਵਾਦ ਕੀਤਾ।

ਹੁਣ ਚਿੰਟੂ ਨੇ ਆਪਣੀ ਮਾਂ ਤੋਂ ਮਾਫੀ ਮੰਗਣ ਲੱਗਾ। ਚਿੰਟੂ ਨੂੰ ਸਮਝ ਲੱਗ ਗਈ ਸੀ ਕਿ ਉਸ ਲਈ ਬਿੱਲੀ ਮਾਸੀ ਦੇ ਪੰਜੇ ਤੋਂ ਇਲਾਵਾ ਹੋਰ ਵੀ ਅਨੇਕਾਂ ਖਤਰੇ ਹਨ। ਚਿੰਟੂ ਨੇ ਅਵਾਰਾਗਰਦੀ ਕਰਨ ਤੋਂ ਤੋਬਾ ਕਰ ਲਈ ਸੀ।

38/ਅੱਖਰਾਂ ਦੀ ਸੱਥ