ਪੰਨਾ:ਅੱਖਰਾਂ ਦੀ ਸੱਥ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹਿਰ ਗਿਆ ਕਿੱਟੂ ਕੁੱਕੜ

ਕਿੱਟੂ ਕੁੱਕੜ ਆਪਣੇ ਮਾਪਿਆਂ ਨਾਲ ਪਿੰਡ ਵਿਚ ਇਕ ਕਿਸਾਨ ਦੇ ਘਰ ਰਹਿੰਦਾ ਸੀ। ਕਿੱਟੂ ਦੇ ਮਾਪਿਆਂ ਨੇ ਉਸਨੂੰ ਚੋਗਾ ਚੁਗਣ ਦੇ ਨਾਲ ਨਾਲ ਆਪਣੀ ਸੁਰੱਖਿਆ ਦੇ ਵੀ ਕਈ ਗੁਰ ਸਿਖਾ ਦਿੱਤੇ ਸਨ। ਹੁਣ ਉਹ ਕਿੱਟੂ ਨੂੰ ਬਾਂਗ ਦੇਣ ਦਾ ਅਭਿਆਸ ਕਰਵਾਉਣ ਲੱਗ ਪਏ ਸਨ। ਕਿੱਟੂ ਦਾ ਪਿਉ ਰੋਜ਼ਾਨਾ ਸਵੇਰੇ ਬਾਂਗ ਦੇ ਕੇ ਕਿਸਾਨ ਨੂੰ ਉਠਾ ਦਿੰਦਾ ਸੀ। ਉਹ ਰੋਜ਼ਾਨਾ ਸਵੇਰੇ ਚਾਰ ਕੁ ਵਜੇ ਕਿੱਟੂ ਨੂੰ ਵੀ ਉਠਾਉਂਦਾ ਤੇ ਬਾਂਗ ਦੇਣ ਲਈ ਆਖਦਾ। ਪਰ ਕਿੱਟੂ ਤੜਕੇ ਉਠਕੇ ਬਾਂਗ ਦੇਣ ਤੋਂ ਕੰਨੀ ਕਤਰਾਉਂਦਾ ਰਹਿੰਦਾ। ਕਿੱਟੂ ਦਾ ਪਿਉ, ਉਸਨੂੰ ਰੋਜ਼ਾਨਾ ਸਵੇਰੇ ਉਠਾਉਣ ਦੀ ਕੋਸ਼ਿਸ਼ ਕਰਦਾ। ਉਹ, ਕਿੱਟੂ ਨੂੰ ਵਾਰ-ਵਾਰ ਝੰਜੋੜਦਾ। ਕਿੱਟੂ ਫਿਰ ਪਾਸਾ ਵੱਟ ਕੇ ਸੌਂ ਜਾਂਦਾ।

"ਸਾਨੂੰ ਕੁਦਰਤ ਨੇ ਬਾਂਗ ਦੇਣ ਦੀ ਅਨੋਖੀ ਕਲਾ ਬਖਸ਼ੀ ਹੈ। ਸਾਡੀ ਬਾਂਗ ਦੇਣ ਦੀ ਕਲਾ ਕਾਰਨ ਹੀ ਮਨੁੱਖ ਸਾਨੂੰ ਪਿਆਰ ਕਰਦਾ ਹੈ। ਸਾਨੂੰ ਕੁਦਰਤ ਵੱਲੋਂ ਵਰਸੋਈ ਇਸ ਬਾਂਗ ਦੀ ਕਲਾ ਵਿਚ ਹੋਰ ਪ੍ਰਵੀਣ ਹੋਣਾ ਚਾਹੀਦਾ ਹੈ।" ਕਿੱਟੂ ਦਾ ਪਿਉ ਉਸਨੂੰ ਸਮਝਾਉਂਦੇ ਹੋਏ ਆਖਦਾ। ਪਰ ਕਿੱਟੂ ਆਪਣੇ ਪਿਉ ਦੀ ਇਕ ਨਾ ਮੰਨਦਾ।

ਕਿੱਟੂ ਥੋੜਾ ਹੋਰ ਵੱਡਾ ਹੋਇਆ। ਸਵਖਤੇ ਉੱਠਣ ਤੇ ਬਾਂਗ ਦੇਣ ਤੋਂ ਡਰਦੇ ਮਾਰੇ ਕਿੱਟੂ ਨੇ ਸ਼ਹਿਰ ਜਾਕੇ ਵਸਣ ਦਾ ਫੈਸਲਾ ਕਰ ਲਿਆ।

"ਸ਼ਹਿਰ ਵਿਚ ਤੜਕੇ ਉਠਕੇ ਬਾਂਗ ਦੇਣ ਦਾ ਝੰਜਟ ਨਹੀਂ ਹੈ। ਸ਼ਹਿਰ ਵਿਚ ਲੋਕ ਚਿੱਟਾ ਦਿਨ ਚੜ੍ਹੇ ਉਠਦੇ ਹਨ। ਸ਼ਹਿਰੀ ਲੋਕ ਉਂਜ ਵੀ ਉਠਣ ਵੇਲੇ ਦਾ ਅਲਾਰਮ ਲਾਕੇ ਸੌਂਦੇ ਹਨ।" ਕਿੱਟੂ ਨੇ ਸੋਚਿਆ।

"ਕਿੱਟੂ ਪੁੱਤਰ! ਇਥੇ ਪਿੰਡ ਵਿਚ ਮਾਲਕ ਇਕ ਬਾਂਗ ਬਦਲੇ ਸਾਨੂੰ ਚੋਗਾ ਹੀ ਨਹੀਂ ਪਾਉਂਦਾ, ਉਹ ਕੁੱਤੇ-ਬਿੱਲੇ ਤੋਂ ਸਾਡੀ ਰਖਵਾਲੀ ਵੀ ਕਰਦਾ ਹੈ। ਸ਼ਹਿਰ ਵਿਚ ਤੇਰੀ ਰਖਵਾਲੀ ਕਿਸੇ ਨੇ ਨਹੀਂ ਕਰਨੀ। ਗਰਜ਼ ਤੋਂ ਬਿਨਾਂ ਕੋਈ ਕਿਸੇ ਦੀ ਸਾਂਭ-ਸੰਭਾਲ ਨਹੀਂ ਕਰਦਾ।" ਮਾਂ-ਪਿਉ ਨੇ ਕਿੱਟੂ ਨੂੰ ਇਕ ਵਾਰ ਫੇਰ ਸਮਝਾਇਆ। ਪਰ ਕਿੱਟੂ, ਮਾਪਿਆਂ ਦੀ ਗੱਲ ਮੰਨਣ ਦੀ ਥਾਂ ਅਗਿਓ ਬਹਿਸ ਕਰਨ ਲੱਗ ਪਿਆ।

"ਮੈਂ, ਤੁਹਾਡੇ ਵਾਂਗ ਇਥੇ ਕਿਸਾਨ ਦਾ ਗੁਲਾਮ ਬਣਕੇ ਨਹੀਂ ਰਹਿਣਾ ਚਾਹੁੰਦਾ।" ਕਿੱਟੂ ਨੇ ਆਖਿਆ।

"ਪੁੱਤਰ! ਅਸੀਂ ਕਿਸਾਨ ਦੇ ਗੁਲਾਮ ਨਹੀਂ ਪਾਲਤੂ ਹਾਂ।" ਕਿੱਟੂ ਦਾ ਪਿਉ ਆਖ ਰਿਹਾ ਸੀ।

"ਸ਼ਹਿਰ ਵਿਚ ਜਾਕੇ ਕਈ ਤਰ੍ਹਾਂ ਦੀ ਮੌਜ ਲੱਗ ਜਾਣੀ ਆ। ਮੇਰਾ ਪਿੱਛਾ ਕਰਨ ਵਾਲੇ ਬਿੱਲੀਆਂ- ਕੁੱਤਿਆਂ ਨੂੰ ਸ਼ਹਿਰ ਵਿਚ ਬੱਤੀਆਂ ਵੇਖਕੇ ਤੇ ਜ਼ੈਬਰਾ ਕਰਾਸਿੰਗ ਤੋਂ ਹੀ ਸੜਕਾਂ ਪਾਰ ਕਰਨੀਆਂ ਪੈਣੀਆਂ ਤੇ ਮੈਂ ਉਡਾਰੀ ਭਰ ਕੇ ਲੰਘ ਜਾਇਆ ਕਰਨਾ।" ਕਿੱਟੂ ਕੁੱਕੜ ਨੇ ਚੁਟਕੀ ਵਜਾਉਂਦੇ ਹੋਏ ਆਖਿਆ। ਉਹ ਮਾਂ-ਪਿਉ ਤੋਂ ਬਜ਼ਿਦ ਹੋਕੇ ਸ਼ਹਿਰ ਨੂੰ ਤੁਰ ਪਿਆ।

39/ਅੱਖਰਾਂ ਦੀ ਸੱਥ