ਪੰਨਾ:ਅੱਖਰਾਂ ਦੀ ਸੱਥ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਂਤਾ ਕਲਾਜ਼ ਦਾ ਗਿਫਟ

ਮਾਂ, ਰੋਹਨ ਨੂੰ ਰੋਜ਼ਾਨਾ ਕਿੰਨੀ-ਕਿੰਨੀ ਦੇਰ ਹਲੂਣਦੀ ਰਹਿੰਦੀ ਸੀ, ਫਿਰ ਕਿਧਰੇ ਜਾਕੇ ਰੋਹਨ ਸੁੱਤਾ ਉੱਠਦਾ ਸੀ। ਪਰ ਅੱਜ ਰੋਹਨ ਆਪੇ ਉਠ ਬੈਠਾ ਸੀ। ਅੱਜ ਰੋਹਨ ਫਟਾਫਟ ਤਿਆਰ ਹੋਇਆ ਤੇ ਉਹ ਸਕੂਲ ਨੂੰ ਤੁਰ ਪਿਆ।

ਅੱਜ ਉਸਨੇ ਸਕੂਲ ਵਾਲੀ ਵਰਦੀ ਨਹੀਂ ਪਾਈ ਸੀ। ਅੱਜ ਰੋਹਨ ਨੇ ਲਾਲ ਤੇ ਚਿੱਟੇ ਰੰਗ ਦੀ ਨਵੀਂ ਪੈਂਟ-ਸ਼ਰਟ ਟਰੰਕ ਵਿੱਚੋਂ ਕੱਢ ਕੇ ਪਾ ਲਈ ਸੀ। ਇਹ ਪੈਂਟ-ਸ਼ਰਟ ਇਸ ਤੋਂ ਪਹਿਲਾਂ ਉਸਨੇ ਆਪਣੇ ਮਾਮੇ ਦੇ ਵਿਆਹ ਵਿਚ ਪਾਈ ਸੀ।

"ਬੇਟਾ ਅੱਜ ਤੁਹਾਡੇ ਸਕੂਲ ਕੋਈ ਪ੍ਰੋਗਰਾਮ ਹੈ।" ਮਾਂ ਨੇ ਰੋਹਨ ਨੂੰ ਤੁਰਨ ਲੱਗੇ ਨੂੰ ਪੁੱਛਿਆ ਸੀ।

"ਅੱਜ ਕ੍ਰਿਸਮਿਸ ਹੈ।" ਰੋਹਨ ਨੇ ਦੱਸਿਆ ਤੇ ਮਾਂ ਨੇ ਹੋਰ ਕੁਝ ਪੁੱਛਣ ਦੀ ਜਰੂਰਤ ਨਾ ਸਮਝੀ। ਮਾਂ ਖੁਸ਼ ਸੀ। ਰੋਹਨ ਨੇ ਅੱਜ ਸਕੂਲ ਨਾ ਜਾਣ ਦਾ ਕੋਈ ਬਹਾਨਾ ਨਹੀਂ ਘੜਿਆ ਸੀ।

ਰੋਹਨ ਨੂੰ ਅੱਜ ਸਕੂਲ ਚੰਗਾ-ਚੰਗਾ ਲੱਗ ਰਿਹਾ ਸੀ। ਰੋਹਨ ਵਾਂਗ ਅੱਜ ਸਕੂਲ ਵੀ ਸਜਿਆ ਹੋਇਆ ਸੀ। ਸਕੂਲ ਵਿਚ ਬੱਚਿਆਂ ਦੇ ਬਹਿਣ ਲਈ ਡੈਸਕਾਂ ਦੀ ਥਾਂ ਕੁਰਸੀਆਂ ਲੱਗੀਆਂ ਹੋਈਆਂ ਸਨ ਤੇ ਕੁਰਸੀਆਂ ਦੀਆਂ ਕਤਾਰਾਂ ਦੇ ਸਾਹਮਣੇ ਸਟੇਜ ਵੰਨ-ਸੁਵੰਨੇ ਗਿਫਟ-ਪੈਕਟਾਂ ਨਾਲ ਭਰਿਆ ਪਿਆ ਸੀ।

ਰੋਹਨ ਨੇ ਸਕੂਲ ਪਹੁੰਚ ਕੇ ਪਹਿਲੀ ਕਤਾਰ ਦੀ ਇਕ ਕੁਰਸੀ ਮੱਲ ਲਈ।

ਥੋੜ੍ਹੀ ਦੇਰ ਵਿਚ ਖਾਲੀ ਪਈਆਂ ਸਾਰੀਆਂ ਕੁਰਸੀਆਂ ਭਰ ਗਈਆਂ ਸਨ। ਸਕੂਲ ਦਾ ਸਾਰਾ ਸਟਾਫ ਵੀ ਸਟੇਜ ਉੱਪਰ ਸਜ ਗਿਆ ਸੀ। ਫਿਰ ਇਕ ਲੰਮੀ ਜਿਹੀ ਲਾਲ ਰੰਗ ਦੀ ਟੋਪੀ ਤੇ ਲਾਲ ਰੰਗ ਦੇ ਕਪੜਿਆਂ ਵਾਲਾ ਆਦਮੀ ਆਇਆ। ਬੱਚੇ ਇਸ ਲਾਲ ਰੰਗ ਦੇ ਕਪੜਿਆਂ ਵਾਲੇ ਆਦਮੀ ਨੂੰ ‘ਸਾਂਤਾ ਕਲਾਜ਼’ ਆਖ ਰਹੇ ਸਨ।

ਸਾਂਤਾ ਕਲਾਜ਼ ਨੇ ਆਉਣ ਸਾਰ ਸਟੇਜ ਉੱਪਰ ਸਜੇ ਗਿਫਟ ਵੰਡਣੇ ਸ਼ੁਰੂ ਕਰ ਦਿੱਤੇ। ਸਾਂਤਾ ਕਲਾਜ਼ ਇਕ ਗਿਫਟ ਚੁੱਕਦਾ ਤੇ ਪੰਡਾਲ ਵਿੱਚੋਂ ਇਕ ਬੱਚਾ ਛਾਂਟ ਕੇ ਉਸਨੂੰ ਗਿਫਟ ਦੇ ਦਿੰਦਾ। ਸਾਂਤਾ ਕਲਾਜ਼ ਇੰਜ ਕਿੰਨੀ ਦੇਰ ਕਰਦਾ ਰਿਹਾ। ਉਸਨੇ ਇਕ-ਇਕ ਕਰਕੇ ਸਟੇਜ ਉੱਪਰ ਪਏ ਸਾਰੇ ਗਿਫਟ ਵੰਡ ਦਿੱਤੇ ਸਨ।

ਰੋਹਨ ਸਾਂਤਾ ਕਲਾਜ਼ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦਾ ਰਿਹਾ। ਰੋਹਨ ਭਾਵੇਂ ਪਹਿਲੀ ਕਤਾਰ ਵਿਚ ਬੈਠਾ ਸੀ, ਪਰ ਸਾਂਤਾ ਕਲਾਜ ਕੋਈ ਵੀ ਗਿਫਟ ਲੈ ਕੇ ਉਸ ਵੱਲ ਨਾ ਆਇਆ। ਰੋਹਨ ਨੇ ਕਈ ਵਾਰ ਸਾਂਤਾ ਕਲਾਜ਼ ਨੂੰ ਇਸ਼ਾਰੇ ਵੀ ਕੀਤੇ ਪਰ ਸਾਂਤਾ ਕਲਾਜ਼ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ।

ਸਾਂਤਾ ਕਲਾਜ਼ ਨੇ ਰੋਹਨ ਨੂੰ ਕੋਈ ਗਿਫਟ ਨਹੀਂ ਦਿੱਤਾ ਸੀ। ਘਰ ਆਣ ਕੇ ਰੋਹਨ ਦਾ ਰੋਣ ਨਿਕਲ ਗਿਆ।

"ਮੈਂ ਨਹੀਂ ਹੁਣ ਕਦੀਂ ਵੀ ਸਕੂਲ ਜਾਂਦਾ।" ਰੋਹਨ ਨੇ ਡੁਸਕਦੇ ਹੋਏ ਆਖਿਆ।

45/ਅੱਖਰਾਂ ਦੀ ਸੱਥ