ਪੰਨਾ:ਅੱਖਰਾਂ ਦੀ ਸੱਥ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੋਤੇ ਦੀ ਸਿਆਣਪ

ਇਕ ਦਰੱਖਤ ਉੱਪਰ ਕੁਝ ਪੰਛੀ ਰਹਿੰਦੇ ਸਨ। ਇਨ੍ਹਾਂ ਪੰਛੀਆਂ ਦਾ ਆਪਸ ਵਿਚ ਬਹੁਤ ਪਿਆਰ ਸੀ। ਸਾਰੇ ਪੰਛੀ ਸਵੇਰੇ ਚੋਗਾ ਲੈਣ ਚਲੇ ਜਾਂਦੇ ਤੇ ਸ਼ਾਮ ਨੂੰ ਮੁੜਦੇ ਸਨ। ਉਹ ਆਪ ਰੱਜ ਆਉਂਦੇ ਸਨ ਤੇ ਆਪਣੇ ਬੱਚਿਆਂ ਲਈ ਚੋਗਾ ਲੈ ਆਉਂਦੇ ਸਨ। ਇਸ ਤਰ੍ਹਾਂ ਸਾਰੇ ਪੰਛੀ ਵਧੀਆ ਦਿਨ ਬਤੀਤ ਕਰ ਰਹੇ ਸਨ। ਪਰ ਹੁਣ ਕੁਝ ਦਿਨਾਂ ਤੋਂ ਸਾਰੇ ਪੰਛੀ ਬਹੁਤ ਪਰੇਸ਼ਾਨ ਸਨ। ਹੁਣ ਜਦੋਂ ਉਹ ਚੋਗਾ ਚੁਗਣ ਜਾਂਦੇ ਸਨ ਤਾਂ ਮਗਰੋਂ ਕੋਈ ਉਨ੍ਹਾਂ ਦੇ ਬੱਚਿਆਂ ਨੂੰ ਠੂੰਗੇ ਮਾਰ ਮਾਰ ਜ਼ਖਮੀ ਕਰ ਜਾਂਦਾ ਸੀ। ਕੋਈ ਉਨ੍ਹਾਂ ਦੇ ਆਂਡੇ ਵੀ ਭੰਨ ਜਾਂਦਾ ਸੀ। ਪਤਾ ਨਹੀਂ ਲਗਦਾ ਸੀ ਕਿ ਇਹ ਕੰਮ ਕੌਣ ਕਰਦਾ ਹੈ। ਸਾਰੇ ਪੰਛੀ ਬੇਹਦ ਦੁਖੀ ਹੋ ਗਏ ਸਨ। ਉਸ ਦਰੱਖਤ ਦੇ ਕੋਲ ਇਕ ਹੋਰ ਦਰੱਖਤ ਸੀ। ਉਸ ਦਰੱਖਤ ਉੱਪਰ ਇਕ ਘੁੱਗੀ ਰਹਿੰਦੀ ਸੀ। ਪੰਛੀ ਇਕੱਠੇ ਹੋ ਕੇ ਘੁੱਗੀ ਕੋਲ ਪਹੁੰਚ ਗਏ।

"ਘੁੱਗੀ ਭੈਣ! ਤੈਨੂੰ ਪਤਾ ਸਾਡੇ ਆਂਡੇ ਕੌਣ ਭੰਨਦਾ ਤੇ ਸਾਡੇ ਬੱਚਿਆਂ ਨੂੰ ਠੂੰਗੇ ਮਾਰ ਮਾਰ ਜ਼ਖਮੀ ਕੌਣ ਕਰਦਾ?" ਪੰਛੀਆਂ ਨੇ ਘੁੱਗੀ ਨੂੰ ਪੁੱਛਿਆ।

"ਮੈਂ ਤੇ ਆਪ ਸਵੇਰੇ ਚੋਗਾ ਲੈਣ ਚਲੀ ਜਾਂਦੀ ਹਾਂ, ਸ਼ਾਮ ਨੂੰ ਮੁੜਦੀ ਹਾਂ। ਮੈਨੂੰ ਕੁਝ ਨਹੀਂ ਪਤਾ।" ਘੁੱਗੀ ਨੇ ਦੱਸਿਆ।

ਉਸੇ ਦਰੱਖਤ ਦੇ ਹੇਠਾਂ ਇਕ ਲੂੰਬੜੀ ਰਹਿੰਦੀ ਸੀ। ਸਾਰੇ ਪੰਛੀ ਲੂੰਬੜੀ ਕੋਲ ਪਹੁੰਚ ਗਏ।

"ਲੂੰਬੜੀ ਭੈਣ! ਤੈਨੂੰ ਪਤਾ ਸਾਡੇ ਆਂਡੇ ਕੌਣ ਭੰਨਦਾ ਤੇ ਸਾਡੇ ਬੱਚਿਆਂ ਨੂੰ ਠੂੰਗੇ ਮਾਰ ਮਾਰ ਜ਼ਖਮੀ ਕੌਣ ਕਰਦਾ।" ਇਕ ਸਿਆਣੀ ਜਿਹੀ ਚਿੜੀ ਨੇ ਪੁੱਛਿਆ।

"ਮੈਂ ਆਪ ਦਿਨੇਂ ਅੰਗੂਰਾਂ ਦੇ ਬਾਗ਼ ਵਿਚ ਚਲੀ ਜਾਂਦੀ ਹਾਂ। ਸ਼ਾਮ ਨੂੰ ਮੁੜਦੀ ਹਾਂ। ਉਂਜ ਉਸ ਨਿੰਮ ਉੱਪਰ ਇਕ ਕਾਂ ਰਹਿੰਦਾ। ਉਹ ਬੇਹਦ ਨਿਕੰਮਾ ਤੇ ਚਲਾਕ ਆ। ਇਹ ਕੰਮ ਉਸੇ ਦਾ ਹੋ ਸਕਦਾ।" ਲੂੰਬੜੀ ਨੇ ਦੂਰ ਦਿਸਦੀ ਨਿੰਮ ਵੱਲ ਇਸ਼ਾਰਾ ਕਰਦਿਆਂ ਕਿਹਾ। ਲੂੰਬੜੀ ਦੀ ਗੱਲ ਸੁਣ ਕੇ ਸਾਰੇ ਪੰਛੀਆਂ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਇਹ ਕੰਮ ਉਸੇ ਕਾਂ ਦਾ ਹੈ। ਉਸ ਕਾਂ ਨੇ ਪਹਿਲਾਂ ਵੀ ਇਕ ਵਾਰ ਉਨ੍ਹਾਂ ਦੇ ਆਲ੍ਹਣੇ ਤੋੜ ਦਿੱਤੇ ਸਨ।

ਸਾਰੇ ਪੰਛੀ ਉਡਦੇ ਉਡਦੇ ਨਿੰਮ ਕੋਲ ਪਹੁੰਚ ਗਏ। ਕਾਂ ਨਿੰਮ ਉੱਪਰ ਹੀ ਬੈਠਾ ਸੀ।

"ਕਾਂ ਭਰਾਵਾ! ਤੈਨੂੰ ਪਤਾ, ਸਾਡੇ ਆਂਡੇ ਕੌਣ ਭੰਨਦਾ ਤੇ ਸਾਡੇ ਬੱਚਿਆਂ ਨੂੰ ਠੂੰਗੇ ਮਾਰ-ਮਾਰ ਜ਼ਖਮੀ ਕੌਣ ਕਰਦਾ ਹੈ।" ਚਿੜੀ ਨੇ ਪੁੱਛਿਆ।

"ਮੈਨੂੰ ਕੀ ਪਤਾ, ਤੁਹਾਡੇ ਆਂਡੇ ਕੌਣ ਭੰਨ੍ਹ ਜਾਂਦਾ ਤੇ ਤੁਹਾਡੇ ਬੱਚਿਆਂ ਨੂੰ ਜ਼ਖ਼ਮੀ ਕੌਣ ਕਰ ਜਾਂਦਾ।"

ਕਾਂ ਨੇ ਝੂਠ ਬੋਲਿਆ। ਕਾਂ ਨਾਲੇ ਚੋਰ ਸੀ ਤੇ ਨਾਲੇ ਚਤੁਰ ਸੀ।

57/ਅੱਖਰਾਂ ਦੀ ਸੱਥ