ਪੰਨਾ:ਅੱਖਰਾਂ ਦੀ ਸੱਥ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਖਰਾਂ ਦੀ ਸੱਥ

ਪੈਂਤੀ ਅੱਖਰੀ ਬਣ ਗਈ ਸੀ। ਹੁਣ ਅੱਖਰਾਂ ਨੇ ਮਿਲ ਕੇ ਸ਼ਬਦ ਬਣਾਉਣੇ ਸਨ।

"ਸ਼ਬਦ ਬਣਾਉਣ ਵੇਲੇ ਅੱਖਰਾਂ ਨੂੰ ਕਈ ਥਾਵਾਂ 'ਤੇ ਆਪਣੀ ਅਵਾਜ਼ 'ਤੇ ਦਬਾ ਦੇਣਾ ਪੈਣਾ ਜਾਂ ਆਪਣੀ ਅਵਾਜ਼ ਨੂੰ ਦੁਗਣਾ ਕਰਨਾ ਪੈਣਾ। ਅਵਾਜ਼ ’ਤੇ ਦਬਾ ਦੇਣ ਲਈ ਅੱਖਰਾਂ ਨੂੰ ਆਪਣੀ ਸੋਹਣੀ ਸ਼ਕਲ ਵਿਗਾੜਨੀ ਵੀ ਪੈਣੀ ਹੈ।" 'ੳ' ਨੂੰ ਖਿਆਲ ਆਇਆ। ਅੱਖਰਾਂ ਦੀ ਦੁਗਣੀ ਅਵਾਜ਼ ਦੀ ਸਮੱਸਿਆ ਦੇ ਹੱਲ ਲਈ 'ੳ'ਨੇ ਉਸੇ ਵੇਲੇ ਸਾਰੇ ਅੱਖਰਾਂ ਨੂੰ ਸੱਥ ਵਿਚ ਇਕੱਠੇ ਕਰ ਲਿਆ।

"ਭਰਾਵੋ! ਮੈਂ, 'ਅ' ਤੇ ਭੈਣ 'ੲ' ਸਵਰ ਹਾਂ। ਵੱਖ ਵੱਖ ਸ਼ਬਦ ਬਣਾਉਣ ਵੇਲੇ ਸਾਨੂੰ ਆਪਣੀ ਅਵਾਜ਼ ’ਤੇ ਦਬਾ ਨਹੀਂ ਦੇਣਾ ਪੈਣਾ। ਪਰ ਤੁਹਾਨੂੰ ਸਾਰਿਆਂ ਨੂੰ ਆਪਣੀ ਅਵਾਜ਼ 'ਤੇ ਦਬਾ ਦੇਣ ਲਈ ਅੱਧੇ (ਪੂਰੇ ਨਾਲ ਅੱਧੇ) ਵੀ ਹੋਣਾ ਪੈਣਾ। ਕੀ ਤੁਸੀਂ ਅੱਧੇ ਹੋਣ ਲਈ ਤਿਆਰ ਹੋ?" 'ੳ' ਨੇ ਖੜ੍ਹੇ ਹੋ ਕੇ ਪੁੱਛਿਆ।

"ਅਸੀਂ ਕਿਸੇ ਵੀ ਸ਼ਬਦ ਨੂੰ ਬਣਾਉਣ ਵੇਲੇ ਅੱਧੇ ਹੋ ਕੇ ਆਪਣੀ ਸ਼ਕਲ ਨਹੀਂ ਵਿਗਾੜਨੀ।" ਸਾਰੇ ਅੱਖਰ ਇਕੱਠੇ ਹੀ ਬੋਲ ਪਏ।

ਸਾਰੇ ਅੱਖਰਾਂ ਨੇ ਅੱਧੇ ਅੱਖਰ ਦੀ ਥਾਂ ਵਰਤੇ ਜਾਣ ਵਾਸਤੇ ਇਕ ਹੋਰ ਲਗਾਂਖਰ ਲੱਭ ਲਿਆ। ਇਸ ਲਗਾਂਖਰ ਨੂੰ ਉਹ ਅੱਧਕ ਆਖਣ ਲੱਗ ਪਏ। ਪਰ ਤਿੰਨ ਅੱਖਰ 'ਹ', 'ਰ' ਤੇ 'ਵ' ਸ਼ਸ਼ੋਪੰਜ ਵਿਚ ਪੈ ਗਏ।

"ਸ਼ਬਦ ਬਣਾਉਣ ਵੇਲੇ ਸਾਨੂੰ ਆਪਣੀ ਅਵਾਜ਼ ਉੱਪਰ ਦਬਾ ਦੇਣ ਦੀ ਬਹੁਤ ਘੱਟ ਲੋੜ ਪੈਣੀ ਹੈ। ਸ਼ਬਦ ਬਣਾਉਣ ਵੇਲੇ ਸਾਨੂੰ ਤੇ ਹੋਰਨਾਂ ਅੱਖਰਾਂ ਨਾਲ ਲੱਗਣਾ ਪੈਣਾ।" ‘ਹ’, ‘ਰ’ ਤੇ ‘ਵ’ ਆਖਣ ਲੱਗੇ।

"ਭਰਾਵੋ! ਇਹ ਚੰਗੀ ਗੱਲ ਹੈ ਕਿ ਤੁਸੀਂ ਹੋਰ ਅੱਖਰਾਂ ਨਾਲ ਲੱਗ ਕੇ ਵੀ ਸ਼ਬਦ ਬਣਾਉਣੇ ਹਨ। ਪਰ ਤੁਸੀਂ ਕਿਸੇ ਅੱਖਰ ਦੇ ਸਿਰ 'ਤੇ ਬਹਿ ਕੇ ਉਸਦਾ ਰੋਹਬ ਨਹੀਂ ਗਵਾਓਗੇ। ਤੁਹਾਨੂੰ ਅੱਖਰਾਂ ਦੇ ਪੈਰਾਂ ਵਿਚ ਬਹਿਣਾ ਪਵੇਗਾ।" ‘ੳ' ਨੇ ਆਪਣੀ ਰਾਇ ਦਿੱਤੀ।

‘ਹ', ‘ਰ’ ਤੇ ‘ਵ' ਪੈਰ ਵਿਚ ਬਹਿਣ ਲਈ ਵੀ ਤਿਆਰ ਸਨ।

"ਠੀਕ ਹੈ, ਠੀਕ ਹੈ।" ਆਖਦਿਆਂ ‘ਹ’ ‘ਰ’ ਤੇ ‘ਵ' ਨੇ ਆਪਣੀ ਸਹਿਮਤੀ ਦਿੱਤੀ ਤੇ ਸੱਥ ਵਿਚ ਜੁੜੇ ਅੱਖਰਾਂ ਨੇ ਤਿੰਨਾਂ ਨੂੰ ਆਪੇ, ਆਪਣਾ ਛੋਟਾ (ਅੱਧਾ) ਰੂਪ ਬਣਾ ਲੈਣ ਦੀ ਖੁਲ੍ਹ ਦੇ ਦਿੱਤੀ।

ਅੱਖਰਾਂ ਦੀ ਸੱਥ ਵਿਚੋਂ ਸਾਰੇ ਅਨੁਨਾਸਿਕ ਚੁਪਚਾਪ ਪਿੱਛੇ ਬੈਠੇ ਸਨ। ‘ੳ’ ਨੇ ਅਨੁਨਾਸਿਕਾਂ ਨੂੰ ਵੀ ਅੱਧਕ ਦੀ ਵਰਤੋਂ ਪ੍ਰਤੀ ਆਪਣੀ ਸਹਿਮਤੀ ਦੇਣ ਲਈ ਤੇ ਕੁਝ ਬੋਲਣ ਲਈ ਆਖਿਆ।

"ਅਸੀਂ ਕੀ ਬੋਲਣਾ। ਸ਼ਬਦਾਂ ਵਿਚ ਪਹਿਲੀ ਥਾਂ 'ਤੇ ਸਾਡੀ ਵਰਤੋਂ ਕਦੇ ਹੋਣੀ ਹੀ ਨਹੀਂ ਹੈ।" 'ਣ' ਤੇ ‘ੜ' ਨੇ ਆਖਿਆ।

61/ਅੱਖਰਾਂ ਦੀ ਸੱਥ