ਪੰਨਾ:ਅੱਗ ਦੇ ਆਸ਼ਿਕ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ ਬੈਠਕ ਵਿਚ ਲੈ ਗਿਆ। ਅੱਜ ਝੀਰਾ ਪੀ ਲਾ ਜੀਅ ਆਈ, ਜੱਟ ਦਿਆਲ ਹੋਇਆ ਈ।' ਬਿੱਕਰ ਨੇ ਗਲਾਸ ਨੂੰ ਗੜਗਬ ਜਿਹਾ ਕਰਕੇ ਮਾਘੀ ਨੂੰ ਫੜਾਉਂਦਿਆਂ ਕਿਹਾ। ਖੜੇ ਖਲੋਤੇ ਮਾਘੀ ਨੇ ਵੇਂਹਦਿਆਂ ਵੇਂਹਦਿਆਂ ਗਲਾਸ ਨੂੰ ਡੀਕ ਲਾ ਕੇ ਆਪਣੀਆਂ ਚੂਹੀ ਦੀ ਪੂਛ ਨੁਮਾ ਮੁਛਾਂ ਨੂੰ ਵੱਟ ਦਿਤਾ ਅਤੇ ਪਾਣੀ ਨਾਲ ਧੋ ਕੇ ਗਲਾਸ ਬਿਕਰ ਨੂੰ ਫੜਾ ਦਿਤਾ। ਮੀਂਹ ਦੇ ਪਾਣੀ ਦਾ ਰੇਹੜ ਹਵੇਲੀ ਦੇ ਬਾਹਰ ਨੂੰ ਤੁਰ ਪਿਆ ਸੀ।

ਮਾਘੀ ਰੋਟੀਆਂ ਲਾਹੁੰਦਾ ਰਿਹਾ ਅਤੇ ਉਹ ਖਾਂਦੇ ਰਹੇ, ਪੀਂਦੇ ਰਹੇ, ਹੱਸਦੇ ਰਹੇ। ਅੱਧੀ ਰਾਤ ਟੱਪ ਗਈ ਤਾਂ ਉਹ ਥਾਂਉਂ ਥਾਈਂ ਟੇਡੇ ਹੋਏ ਪਏ ਸਨ। ਮਾਘੀ ਰਸੋਈ ਵਿਚ ਪਈ ਬੋਰੀ ਉਤੇ ਟੇਢਾ ਹੋਇਆ ਪਿਆ ਸੀ। ਰੋਟੀ ਵਰਤਾਉਂਦਿਆਂ ਮਾਘੀ ਨੂੰ ਹਰ ਵਾਰ ਹੀ ਠੋਕਵਾਂ ਹਾੜਾ ਮਿਲ ਜਾਂਦਾ ਰਿਹਾ ਸੀ। ਇਸ ਕਰਕੇ ਉਹ ਬਿਲਕੁਲ ਬੇਸੁਰਤ ਅਤੇ ਬਸੁੱਧ ਸੀ। ਸਾਰਿਆਂ ਦੇ ਘੁਰਾੜੇ ਸੁਣਾਈ ਦੇ ਰਹੇ ਸਨ। ਚੁਲੇ ਵਿਚ ਅਜੇ ਵੀ ਟਾਂਵਾਂ ਟਾਂਵਾਂ ਕੋਲਾ ਮਘ ਰਿਹਾ ਸੀ। ਬਿਕਰ ਲੰਮਾ ਪਿਆ ਪਿਆ ਉਠਿਆ। ਉਸ ਮਾਘੀ ਦੀ ਬਸੰਤੀ ਪੱਗ ਨਾਲ ਉਹਦੇ ਹੱਥ ਪੈਰ ਜੂੜ ਦਿਤੇ। ਮਾਘੀ ਸੁੱਤਾ ਪਿਆ ਸੀ। ਲੜਖੜਾਂਦੇ ਬਿਕਰ ਨੇ ਮਾਘੀ ਨੂੰ ਮੌਰਾਂ ਉਤੇ ਚੁਕ ਲਿਆ ਅਤੇ ਹਵੇਲੀ ਬਾਹਰ ਖੂਹੀ ਦੀ ਮਣ ਉਤੇ ਜਾ ਚੜ੍ਹਿਆ। ਭੌਣੀ ਨਾਲ ਲੰਮਕਦੀ ਲੱਜ ਨਾਲ ਮਾਘੀ ਦੀਆਂ ਲੱਤਾਂ ਨੂੰ ਬੰਨ ਕੇ ਖੂਹੀ ਵਿਚ ਵਗਾ ਦਿਤਾ। ਭੌਣੀ 'ਘਰਲ’ ਕਰਕੇ ਘੁੰਮੀ ਅਤੇ ਮਾਘੀ ਲੱਜ ਸਮੇਤ ਖੂਹੀ ਵਿਚ ਜਾ ਡਿੱਗਾ। ਖੂਹੀ ਦਾ ਪਾਣੀ ਇਕ ਵਾਰ ਉਪਰ ਨੂੰ ਉਛਲਿਆ ਅਤੇ ਫਿਰ ਉਹਦੀ ਸਤਹ ਐਨ ਸ਼ਾਂਤ ਹੋ ਗਈ, ਜਿਵੇਂ ਕੁਝ ਵਾਪਰਿਆ ਈ ਨਾ ਹੋਵੇ।

ਅਗਲੀ ਸਵੇਰ ਮਾਘੀ ਕਿਧਰੇ ਵੀ ਨਾ ਲੱਭਾ। ਬਿਕਰ ਹੁਰੀਂ ਜਾ ਚੁਕੇ ਸਨ। ਰਣ ਸਿੰਘ ਦੀ ਕੁਝ ਸਮਝ ਵਿਚ ਨਹੀਂ ਸੀ ਆਉਂਦਾ। ਰਾਜੋ ਉਡੀਕ ਉਡੀਕ ਕਈ ਗੇੜੇ ਹਵੇਲੀ ਦੇ ਕੱਢ ਗਈ ਸੀ। ਪਰ ਮਾਘੀ ਦੀ ਕੋਈ ਦੱਸ ਧੁੱਖ ਨਾ ਪਈ। ਭਾਂਡਾ ਟਾਂਡਾ ਜਿਉਂ ਦਾ ਤਿਉਂ ਖਿਲਰਿਆ ਪਿਆ ਸੀ।

੯੧