ਪੰਨਾ:ਅੱਜ ਦੀ ਕਹਾਣੀ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਆਖਰ ਇਕ ਇਕ ਦਿਨ ਗਿਣ ਕੇ ਉਹ ਪੰਜ ਮਹੀਨੇ ਲੰਘ ਗਏ ਤੇ ਮੈਂ ਛੁਟੀਆਂ ਹੋਣ ਤੇ ਦੂਸਰੇ ਦਿਨ ਗਡੀ ਚੜ੍ਹਕੇ ਸਹੁਰੇ ਤੁਰ ਪਿਆ।

ਰਸਤੇ ਵਿਚ ਆਸ਼ਾ ਕਹਿਣ ਲਗੀ, "ਹੁਣ ਤਾਂ ਜੀਤੋ ਸਿਆਣੀ ਹੋ ਗਈ ਹੋਵੇਗੀ?"

"ਜੀਤੋ, ਮਰ ਜਾਣੀ ਉਹ ਤਾਂ ਸ਼ੈਤਾਨ ਦੀ ਨਾਨੀ ਹੈ, ਅਗੇ ਤਾਂ ਛੋਟੀ ਸੀ, ਤਾਂ ਭੀ ਮੈਨੂੰ ਬੜਾ ਤੰਗ ਕਰਦੀ ਸੀ, ਹੁਣ ਤਾਂ ਉਹ ਆਪਣੀ ਪੂਰੀ ਵਾਹ ਲਾ ਦੇਵੇਗੀ" ਮੈਂ ਆਖਿਆ।

"ਮੇਰੀ ਦੂਸਰੀ ਭੈਣ ਜੇ ਸੁਰਿੰਦਰ ਜੀਉਂਦੀ ਹੁੰਦੀ ਤਾਂ ਉਸ ਨੇ ਤੁਹਾਨੂੰ ਬਹੁਤ ਤੰਗ ਕਰਿਆ ਕਰਨਾ ਸੀ" ਇਹ ਆਖ ਮੇਰੀ ਪਤਨੀ ਨੇ ਆਪਣਾ ਰੁਮਾਲ ਅੱਖਾਂ ਤੇ ਫੇਰਿਆ, ਜਿਸ ਤਰ੍ਹਾਂ ਭੈਣ ਦੀ ਯਾਦ ਨੇ ਉਸ ਦੇ ਦਿਲ ਵਿਚ ਇਕ ਦੁਖ ਪੈਦਾ ਕੀਤਾ ਹੁੰਦਾ ਹੈ।

ਗੱਡੀ ਟਿਕਾਣੇ ਪਹੁੰਚ ਗਈ, ਅਸੀ ਸਾਮਾਨ ਚੁਕਾ ਕੇ ਪਿੰਡ ਵਲ ਤੁਰ ਪਏ।

ਮੈਂ ਆਪਣਾ ਸਾਮਾਨ ਪਾਂਡੀ ਪਾਸੋਂ ਲੁਹਾ ਕੇ ਮੋਕਲੇ ਜਿਹੇ ਵਿਹੜੇ ਵਿਚ ਰਖ ਦਿਤਾ, ਉਸ ਵੇਲੇ ਘਰ ਵਿਚ ਮੇਰੀ ਸਸ ਹੀ ਸੀ, ਸਾਨੂੰ ਦੇਖਦਿਆਂ ਹੀ ਉਸਨੂੰ ਚੰਨ ਚੜ੍ਹ ਗਿਆ, ਤੇ ਲਗੀ ਵਾਰਨੇ ਫੇਰਨੇ ਲੈਣ।

ਮਿੰਟਾਂ ਵਿਚ ਸਾਰਾ ਵਿਹੜਾ ਕੁੜੀਆਂ ਚਿੜੀਆਂ ਨਾਲ ਭਰ ਗਿਆ।

ਮੈਂ ਦੇਖਿਆ ਮੇਰੀ ਸਾਲੀ ਜੀਤਾਂ ਸਰੂ ਜਿਹੀ ਜਵਾਨ ਸੀ, ਉਸਦੀ ਹਰ ਨਾੜ ਵਿਚੋਂ ਜੁਆਨੀ ਅੰਬ ਦੇ ਰਸ ਵਾਂਗ ਟਪਕ ਰਹੀ ਸੀ, ਉਸਦਾ

੨੮