ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਵਸੇ ਹਜ਼ਾਰਾਂ ਪਿੰਡਾਂ ਦੇ ਨਾਂ ਵੀ ਤਾਲਾਬਾਂ ਦੇ ਆਧਾਰ ਉੱਤੇ ਹੀ ਮਿਲਦੇ ਹਨ। ਪਿੰਡਾਂ ਦੇ ਨਾਂ ਨਾਲ ਜੁੜਿਆ ਹੈ ‘ਸਰ'। ‘ਸਰ’ ਦਾ ਅਰਥ ਹੈ ਤਾਲਾਬ। 'ਸਰ' ਨਹੀਂ ਤਾਂ ਪਿੰਡ ਨਹੀਂ। ਇੱਥੇ ਤਾਂ ਤੁਸੀਂ ਸਿਰਫ਼ ਤਾਲਾਬ ਗਿਣਨ ਦੀ ਥਾਂ ਪਿੰਡ ਗਿਣਦੇ ਜਾਓ ਅਤੇ ਫੇਰ ਇਸ ਗਿਣਤੀ ਨੂੰ ਦੋ ਜਾਂ ਤਿੰਨ ਨਾਲ ਗੁਣਾ ਕਰ ਕੇ ਵੇਖੋ।

ਜਿੱਥੇ ਆਬਾਦੀ ਵਿੱਚ ਵਾਧਾ ਹੋਇਆ, ਸ਼ਹਿਰ ਬਣਿਆ ਉੱਥੇ ਵੀ ਪਾਣੀ ਨਾ ਉਧਾਰ ਲਿਆ ਗਿਆ, ਨਾ ਅੱਜ ਦੇ ਸ਼ਹਿਰਾਂ ਵਾਂਗ ਕਿਤੋਂ ਹੋਰ ਚੋਰੀ ਕੀਤਾ ਗਿਆ, ਸ਼ਹਿਰਾਂ ਨੇ ਵੀ ਪਿੰਡਾਂ ਵਾਂਗ ਆਪਣਾ ਇੰਤਜ਼ਾਮ ਖ਼ੁਦ ਕੀਤਾ। ਬਾਕੀ ਸ਼ਹਿਰਾਂ ਦੀਆਂ ਗੱਲਾਂ ਮਗਰੋਂ, ਕਿਸੇ ਸਮੇਂ ਸਿਰਫ਼ ਦਿੱਲੀ ਵਿੱਚ ਕਰੀਬ 350 ਛੋਟੇ-ਵੱਡੇ ਤਾਲਾਬਾਂ ਦਾ ਜ਼ਿਕਰ ਮਿਲਦਾ ਹੈ।

ਪਿੰਡ ਤੋਂ ਸ਼ਹਿਰ, ਸ਼ਹਿਰ ਤੋਂ ਸੂਬੇ 'ਤੇ ਆਈਏ, ਫੇਰ ਰੀਵਾ ਵੱਲ ਮੁੜੀਏ। ਅੱਜ ਦੇ ਪੈਮਾਨੇ ਦੇ ਹਿਸਾਬ ਨਾਲ ਇਹ ਪਛੜਿਆ ਹੋਇਆ ਇਲਾਕਾ ਕਹਾਉਂਦਾ ਹੈ, ਪਰ ਪਾਣੀ ਦੇ ਹਿਸਾਬ ਨਾਲ ਵੇਖੀਏ ਤਾਂ ਪਿਛਲੀ ਸਦੀ ਵਿੱਚ ਇੱਥੇ 5000 ਤਾਲਾਬ ਸਨ।

ਦੱਖਣ ਵੱਲ ਵੇਖੀਏ ਤਾਂ ਆਜ਼ਾਦੀ ਮਿਲਣ ਤੋਂ ਕੋਈ 100 ਵਰ੍ਹੇ ਪਹਿਲਾਂ ਤੱਕ ਮਦਰਾਸ ਪ੍ਰੈਜ਼ੀਡੈਂਸੀ ਵਿੱਚ 53,000 ਤਾਲਾਬ ਗਿਣੇ ਗਏ ਸਨ। ਉੱਥੇ ਸੰਨ 1885 ਵਿੱਚ ਸਿਰਫ਼ 14 ਜ਼ਿਲ੍ਹਿਆਂ ਵਿੱਚ ਕੋਈ 43,000 ਤਾਲਾਬਾਂ ਉੱਤੇ ਕੰਮ ਚੱਲ ਰਿਹਾ ਸੀ। ਇਸੇ ਤਰ੍ਹਾਂ ਮੈਸੂਰ ਰਾਜ ਵਿੱਚ ਅਣਗੌਲੀ ਦੇ ਤਾਜ਼ੇ ਦੌਰ ਵਿੱਚ ਸੰਨ 1970 ਤੱਕ ਕੋਈ 39000 ਤਾਲਾਬ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਸਨ।

ਇੱਧਰ-ਉੱਧਰ ਖਿੰਡੇ-ਪੁੰਡੇ ਇਹ ਸਾਰੇ ਅੰਕੜੇ ਇੱਕ ਥਾਂ ਰੱਖ ਕੇ ਵੇਖੀਏ ਤਾਂ ਕਿਹਾ ਜਾ ਸਕਦਾ ਹੈ ਕਿ ਇਸ ਸਦੀ ਦੇ ਸ਼ੁਰੂ ਤੱਕ ਹਾੜ੍ਹ ਤੋਂ ਭਾਦੋਂ ਦੇ ਆਖ਼ਰੀ ਦਿਨ ਤੱਕ ਕੋਈ 11-12 ਲੱਖ ਤਾਲਾਬ ਭਰ ਜਾਂਦੇ ਸਨ ਅਤੇ ਅਗਲੇ ਜੇਠ ਤੱਕ ਵਰੁਣ ਦੇਵਤਾ ਦਾ ਕੁੱਝ ਨਾ ਕੁੱਝ ਪ੍ਰਸ਼ਾਦ ਵੰਡਦੇ ਰਹਿੰਦੇ ਸਨ, ਕਿਉਂਕਿ ਲੋਕੀ ਚੰਗੇ-ਚੰਗੇ ਕੰਮ ਕਰਦੇ ਰਹਿੰਦੇ ਸਨ।

35
ਅੱਜ ਵੀ ਖਰੇ ਹਨ
ਤਾਲਾਬ