ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਲੋ, ਇਸ ਗੱਲ ਨੂੰ ਹਾਲੇ ਇੱਥੇ ਹੀ ਛੱਡੀਏ। ਜ਼ਰਾ ਪਿੱਛੇ ਮੁੜੀਏ! ਜਿਹੜੇ ਅੱਜ ਬੇ-ਨਾਮ ਹੋ ਗਏ ਹਨ, ਇੱਕ ਸਮੇਂ ਉਨ੍ਹਾਂ ਦਾ ਬਹੁਤ ਨਾਂ ਸੀ। ਪੂਰੇ ਦੇਸ਼ ਵਿੱਚ ਤਾਲਾਬ ਬਣਦੇ ਸਨ ਅਤੇ ਬਣਾਉਣ ਵਾਲੇ ਵੀ ਪੂਰੇ ਦੇਸ਼ ਵਿੱਚ ਹੀ ਸਨ। ਕਿਤੇ ਇਹ ਵਿੱਦਿਆ ਕਿਸੇ ਪਾਠਸ਼ਾਲਾ ਵਿੱਚ ਸਿਖਾਈ ਜਾਂਦੀ ਸੀ, ਕਿਤੇ ਇਹ ਜਾਤ ਤੋਂ ਹਟ ਕੇ ਪਾਤ (ਪੰਗਤ) ਵੀ ਬਣ ਜਾਂਦੀ ਸੀ। ਇਸ ਨੂੰ ਕਿਸੇ ਜਾਤ ਵਿਸ਼ੇਸ਼ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਸੀ। ਤਾਲਾਬ ਬਣਾਉਣ ਵਾਲੇ ਲੋਕ ਕਦੇ ਇੱਕ ਥਾਂ ਵਸੇ ਹੁੰਦੇ ਅਤੇ ਕਦੇ ਉਹ ਘੁੰਮ-ਘੁੰਮ ਕੇ ਇਹ ਕੰਮ ਕਰਦੇ ਫਿਰਦੇ ਸਨ।

ਗਜ਼ਧਰ ਇੱਕ ਸੁੰਦਰ ਸ਼ਬਦ ਹੈ, ਤਾਲਾਬ ਬਣਾਉਣ ਵਾਲਿਆਂ ਨੂੰ ਆਦਰ ਨਾਲ ਯਾਦ ਕਰਨ ਲਈ। ਰਾਜਸਥਾਨ ਦੇ ਕੁੱਝ ਭਾਗਾਂ ਵਿੱਚ ਇਹ ਸ਼ਬਦ ਅੱਜ ਵੀ ਪ੍ਰਚਲਿਤ ਹੈ। ਗਜ਼ਧਰ, ਭਾਵ ਜਿਹੜਾ ਗਜ਼ ਨੂੰ ਧਾਰਨ ਕਰਦਾ ਹੈ ਅਤੇ ਗਜ਼ ਉਹੀ ਜਿਹੜਾ ਨਾਪਣ ਦੇ ਕੰਮ ਆਉਂਦਾ ਹੈ। ਸਮਾਜ ਨੇ ਇਨ੍ਹਾਂ ਨੂੰ ਤਿੰਨ ਹੱਥ ਲੰਮੀ ਲੋਹੇ ਦੀ ਛੜੀ ਲੈ ਕੇ ਘੁੰਮਣ ਵਾਲੇ ਮਿਸਤਰੀ ਨਹੀਂ ਮੰਨਿਆ। ਗਜ਼ਧਰ, ਜਿਹੜਾ ਸਮਾਜ ਦੀ ਡੂੰਘਾਈ ਨਾਪ ਸਕੇ, ਉਸਨੂੰ ਅਜਿਹਾ ਉੱਚਾ ਦਰਜਾ ਦਿੱਤਾ ਗਿਆ ਹੈ।

ਗਜ਼ਧਰ ਵਾਸਤੂਕਾਰ (ਸ਼ਿਲਪਕਾਰ) ਸਨ। ਪਿੰਡ ਦਾ ਸਮਾਜ ਹੋਵੇ ਜਾਂ ਨਗਰ ਦਾ, ਉਸਨੂੰ ਨਵੇਂ ਸਿਰਿਉਂ ਬਣਾਉਣ ਦੀ, ਸਾਰੇ ਰੱਖ-ਰੱਖਾਅ ਦੀ ਜ਼ਿੰਮੇਦਾਰੀ ਗਜ਼ਧਰ ਨਿਭਾਉਂਦੇ ਸਨ। ਨਗਰ ਨਿਯੋਜਨ ਤੋਂ ਲੈ ਕੇ ਛੋਟੇ ਤੋਂ ਛੋਟੇ ਨਵੇਂ ਨਿਰਮਾਣ ਦੀ ਯੋਜਨਾ ਵੀ ਗਜ਼ਧਰਾਂ ਦੇ ਮੋਢਿਆਂ ਉੱਪਰ ਹੁੰਦੀ ਸੀ। ਉਹ ਯੋਜਨਾ ਬਣਾਉਂਦੇ ਸਨ, ਸਾਰੇ ਕੰਮ ਦੀ ਲਾਗਤ ਕੱਢਦੇ, ਕੰਮ ਆਉਣ ਵਾਲੀ ਸਮੱਗਰੀ ਦਾ ਜੁਗਾੜ ਕਰਦੇ ਸਨ ਅਤੇ ਇਸਦੇ ਬਦਲੇ ਜਜਮਾਨ ਕੋਲੋਂ ਅਜਿਹਾ ਕੁੱਝ ਨਹੀਂ ਸਨ ਮੰਗਦੇ, ਜਿਹੜਾ ਉਹ ਨਾ ਦੇ ਸਕਦਾ ਹੋਵੇ। ਲੋਕੀ ਵੀ ਅਜਿਹੇ ਸਨ ਕਿ ਉਨ੍ਹਾਂ ਤੋਂ ਜੋ ਸਰਦਾ, ਉਹ ਗਜ਼ਧਰ ਨੂੰ ਭੇਟ ਕਰ ਦਿੰਦੇ।

43
ਅੱਜ ਵੀ ਖਰੇ ਹਨ
ਤਾਲਾਬ