ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਡੀ ਫ਼ੌਜ ਨੂੰ ਇਸਨੂੰ ਤੋੜਨ ਲਈ ਤਿੰਨ ਮਹੀਨੇ ਲੱਗੇ। ਫੇਰ ਤਿੰਨ ਸਾਲਾਂ ਤੱਕ ਤਾਲ ਦਾ ਪਾਣੀ ਸਿਰਫ਼ ਵਗਦਾ ਰਿਹਾ, ਵਗਦਾ ਰਿਹਾ, ਫੇਰ ਕਿਤੇ ਜਾ ਕੇ ਤਾਲ ਦਾ ਹੇਠਲਾ ਤਲ ਦਿਸਣ ਲੱਗਾ। ਪਰ ਇਸਦੇ ਆਗਰ ਦੀ ਦਲਦਲ 30 ਸਾਲਾਂ ਤੱਕ ਬਣੀ ਰਹੀ। ਸੁੱਕਣ ਤੋਂ ਬਾਅਦ ਇਸ ਵਿੱਚ ਖੇਤੀ ਸ਼ੁਰੂ ਹੋਈ, ਉਦੋਂ ਤੋਂ ਲੈ ਕੇ ਅੱਜ ਤੱਕ ਇਸ ਵਿੱਚ ਬੇਹੱਦ ਉੱਚ ਪੱਧਰੀ ਕਣਕ ਉੱਗਦੀ ਹੈ।

ਚਲੋ ਵੱਡਿਆਂ ਦੀਆਂ ਗੱਲਾਂ ਛੱਡੀਏ, ਮੁੜੀਏ ਛੋਟੇ ਤਾਲਾਬਾਂ ਵੱਲ। ਘੱਟ ਡੂੰਘੇ, ਛੋਟੇ ਆਕਾਰ ਦੇ ਤਾਲਾਬ ਚਿਖਲੀਆਕਹਾਉਂਦੇ ਸਨ। ਇਹ ਨਾਂ ਚਿਖੜ ਭਾਵ ਚਿੱਕੜ ਤੋਂ ਬਣਿਆ ਸੀ। ਅਜਿਹੇ ਤਾਲਾਬਾਂ ਦਾ ਪੁਰਾਣਾ ਨਾਂ ਡਾਬਰ ਵੀ ਸੀ। ਅੱਜ ਉਸਦਾ ਬਚਿਆ ਰੂਪ ਡਬਰਾ ਸ਼ਬਦ ਵਿੱਚ ਵੇਖਣ ਨੂੰ ਮਿਲਦਾ ਹੈ। ਬਾਈ ਜਾਂ ਬਾਵ ਵੀ ਅਜਿਹੇ ਹੀ ਛੋਟੇ ਤਾਲਾਬਾਂ ਦੇ ਨਾਂ ਸਨ। ਬਾਅਦ ਵਿੱਚ ਇਹ ਨਾਂ ਤਾਲਾਬ ਦੀ ਥਾਂ ਬੌੜੀ ਲਈ ਵਰਤਿਆ ਜਾਣ ਲੱਗਾ। ਦਿੱਲੀ ਵਿੱਚ ਕੁਤਬ ਮੀਨਾਰ ਦੇ ਕੋਲ ਰਾਜੋਂ ਕੀ ਬਾਵ ਨਾਂ ਦੀ ਬੌੜੀ ਅੱਜ ਇਸ ਸ਼ਬਦ ਵਾਂਗ ਹੀ ਪੁਰਾਣੀ ਹੋ ਚੁੱਕੀ ਹੈ।

ਪੁਰਾਣੇ ਹੋ ਚੁੱਕੇ ਨਾਵਾਂ ਵਿੱਚੋਂ ਨਿਵਾਣ, ਹਿਰਦ, ਕਾਸਾਰ, ਤੜਾਗ, ਤਾਮਰਪਰਣੀ, ਤਾਲੀ, ਤੱਲ ਵੀ ਯਾਦ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚੋਂ ਤਲ ਹੀ ਅਜਿਹਾ ਨਾਂ ਹੈ ਜਿਹੜਾ ਸਮੇਂ ਦੇ ਲੰਬੇ ਦੌਰ ਨੂੰ ਪਾਰ ਕਰ ਕੇ ਬੰਗਾਲ ਅਤੇ ਬਿਹਾਰ ਵਿੱਚ ਤੱਲਾ ਦੇ ਰੂਪ ਵਿੱਚ ਅੱਜ ਵੀ ਮਿਲਦਾ ਹੈ। ਇਸੇ ਤਰ੍ਹਾਂ ਪੁਰਾਣਾ ਹੋ ਕੇ ਡੁੱਬ ਚੁੱਕਿਆ ਜਸ਼ਯ ਨਾਂ ਹੁਣ ਸਰਕਾਰੀ-ਹਿੰਦੀ ਅਤੇ ਸਿੰਜਾਈ ਵਿਭਾਗ ਵਿੱਚ ਫੇਰ ਉੱਭਰ ਰਿਹਾ ਹੈ। ਕਈ ਜਗ੍ਹਾ ਬਹੁਤ ਪੁਰਾਣੇ ਤਾਲਾਬਾਂ ਦੇ ਪੁਰਾਣੇ ਨਾਂ ਜੇ ਸਮਾਜ ਯਾਦ ਨਹੀਂ ਸੀ ਰੱਖਦਾ ਤਾਂ ਉਹ ਮਿਟ ਜਾਂਦੇ ਸਨ ਅਤੇ ਉਨ੍ਹਾਂ ਦੀ ਥਾਂ ਨਵੇਂ ਨਾਂ ਮਿਲ ਜਾਂਦੇ ਸਨ : ਪੂਰਨੈਹਾ ਭਾਵ ਕਾਫ਼ੀ ਪੁਰਾਣਾ ਤਾਲਾਬ। ਆਲੇ-ਦੁਆਲੇ ਦੇ ਤਾਲਾਬਾਂ ਦੀ ਗਿਣਤੀ ਵਿੱਚ ਸਭ ਤੋਂ ਅਖੀਰ ਵਿੱਚ ਬਣੇ ਤਾਲਾਬ ਨੌਹਾਲ, ਨਯਾ ਤਾਲ ਕਹਾਉਣ ਲੱਗੇ। ਉਹ ਪੁਰਾਣੇ ਵੀ ਹੋ ਜਾਂਦੇ ਤਾਂ ਵੀ ਇਸੇ ਨਾਂ ਨਾਲ ਜਾਣੇ ਜਾਂਦੇ।

ਗੁਚਕੁਲਿਆ ਅਜਿਹੇ ਤਾਲਾਬ ਨੂੰ ਕਿਹਾ ਜਾਂਦਾ ਹੈ ਜਿਹੜਾ ਹੁੰਦਾ ਤਾਂ ਛੋਟਾ ਹੀ ਹੈ, ਪਰ ਕੰਢੇ ਤੋਂ ਹੀ ਡੂੰਘਾ ਹੋ ਜਾਂਦਾ ਹੈ। ਪਲਵਲ ਵੀ ਅਜਿਹੇ ਹੀ ਡੂੰਘੇ ਤਾਲਾਬ ਦਾ ਪੁਰਾਣਾ ਨਾਂ ਹੈ। ਸਮੇਂ ਦੀ ਤੇਜ਼ ਰਫ਼ਤਾਰ ਵਿੱਚ ਇਹ ਨਾਂ ਪਿੱਛੇ ਰਹਿ ਗਿਆ ਹੈ। ਅੱਜ ਇਸਦੀ ਯਾਦ ਦਿੱਲੀ ਦੇ ਕੋਲ ਇੱਕ ਕਸਬੇ ਅਤੇ ਸਟੇਸ਼ਨ ਪਲਵਲ ਦੇ ਰੂਪ ਵਿੱਚ ਬਚੀ ਹੋਈ ਹੈ, ਜਿਸ ਉੱਤੇ ਰੇਲਗੱਡੀਆਂ ਬਿਨਾਂ ਰੁਕੇ ਦੌੜਦੀਆਂ ਹਨ।

ਖਦੁਅਨ ਛੱਤੀਸਗੜ੍ਹ ਵਿੱਚ ਅਜਿਹੇ ਤਾਲਾਬਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਪਾਣੀ ਬੇਹੱਦ ਸਾਫ਼ ਰਹਿੰਦਾ ਹੈ ਅਤੇ ਪੀਣ ਦੇ ਕੰਮ ਆਉਂਦਾ ਹੈ। ਪਨਖੱਤੀ ਤਾਲਾਬ ਸਿਰਫ਼ ਨਿਸਤਾਰੀ ਦੇ ਕੰਮ ਆਉਂਦੇ ਹਨ। ਇਸੇ ਤਰ੍ਹਾਂ ਲੱਡਯਾ ਡਾਲ ਅਤੇ ਖੁਰ ਤਾਲ ਨਿਸਤਾਰੀ, ਦਿਸ਼ਾ ਮੈਦਾਨ (ਜੰਗਲ ਪਾਣੀ) ਅਤੇ ਪਸ਼ੂਆਂ ਨੂੰ ਪਾਣੀ ਪਿਆਉਣ ਲਈ ਹੁੰਦੇ ਹਨ।

79
ਅੱਜ ਵੀ ਖਰੇ ਹਨ
ਤਾਲਾਬ