ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੋਤਾ

21

ਤਿੰਨ ਵਾਰ ਦੋਹਰਾਇਆ ਗਿਆ ਜਦ ਤਕ ਜੋਤੀ ਪਿੰਜਰੇ ਕੋਲ ਨਾ ਪਹੁੰਚ ਗਈ। ਹੁਣ ਕੁੱਤਾ ਘਾਹ ਉੱਪਰ ਬੈਠ ਗਿਆ ਸੀ ਪਰ ਉਸ ਦੀ ਪੂਛ ਹਾਲੇ ਵੀ ਹਿੱਲੀ ਜਾ ਰਹੀ ਸੀ। ਉਹ ਖੜ੍ਹੀ ਖੜ੍ਹੀ ਪਿੰਜਰੇ ਦੇ ਖੁੱਲ੍ਹਣ ਦੇ ਰਹੱਸ ਬਾਰੇ ਸੋਚੀ ਜਾ ਰਹੀ ਸੀ।

ਦੂਰ ਪੱਤਿਆਂ ਓਹਲੇ ਲੁਕ ਕੇ ਬੈਠੇ ਮਿੱਠੂ ਨੇ ਬਗ਼ੀਚੇ ਦਾ ਸਾਰਾ ਨਜ਼ਾਰਾ ਦੇਖ ਕੇ ਮਨ ਹੀ ਮਨ ਵਿਚਾਰਿਆ ਕਿ ਇੰਨੀ ਲੰਮੀ ਉਡਾਰੀ ਦਾ ਆਨੰਦ ਤਾਂ ਉਸ ਨੇ ਵਰ੍ਹਿਆਂ ਬਾਅਦ ਲਿਆ ਹੈ।

ਇਸ ਤੋਂ ਕਈ ਗੁਣਾ ਲੰਮੇ ਸਫ਼ਰ ਦੇ ਬਾਅਦ ਉਹ ਜੰਗਲ ਦੀ ਹੱਦ ਅੰਦਰ ਸੀ। ਉਸ ਨੂੰ ਇਹ ਥਾਂ ਪਛਾਣਨ ਨੂੰ ਦੇਰ ਨਾ ਲੱਗੀ। ਇਸੇ ਜੰਗਲ ਵਿਚੋਂ ਫੜ ਕੇ ਉਸ ਨੂੰ ਪਿੰਜਰੇ ਅੰਦਰ ਕੈਦ ਕੀਤਾ ਗਿਆ ਸੀ।

ਭਾਂਤ-ਭਾਂਤ ਦੇ ਪਸ਼ੂ-ਪੰਛੀਆਂ ਦੀਆਂ ਆਵਾਜ਼ਾਂ, ਵੰਨ-ਸੁਵੰਨੇ ਫੁੱਲਾਂ-ਫਲਾਂ ਤੇ ਰੁੱਖਾਂ ਨੇ ਉਸ ਨੂੰ ਮੋਹ ਲਿਆ।

ਇਸ ਮਨਮੋਹਕ ਮਾਹੌਲ ਵਿਚਾਲੇ ਉਹ ਰਿੱਛ ਦੀ ਮੌਤ ਨੂੰ ਭੁੱਲ ਨਾ ਸਕਿਆ। ਉਸ ਦੀ ਰਿੱਛ ਪਰਿਵਾਰ ਨੂੰ ਮਿਲਣ ਦੀ ਖ਼ਾਹਿਸ਼ ਪਹਿਲਾਂ ਵਾਂਗ ਤਾਜ਼ਾ ਸੀ।

ਮਿੱਠੂ ਕਿਉਂਕਿ ਸ਼ਹਿਰੀ ਮਾਹੌਲ ਨੂੰ ਥੋੜ੍ਹਾ-ਥੋੜ੍ਹਾ ਦੇਖ ਚੁੱਕਾ ਸੀ, ਇਸ ਵੇਲੇ ਉਸੇ ਅਨੁਭਵ ਤੋਂ ਮਦਦ ਲੈ ਰਿਹਾ ਸੀ।

ਤਰੀਕੇ ਅਤੇ ਸਲੀਕੇ ਨਾਲ ਕੀਤੀ ਪੁੱਛ-ਪੜਤਾਲ ਉਸ ਨੂੰ ਦੁਖੀ ਪਰਿਵਾਰ ਤਕ ਲੈ ਗਈ।

ਮਿੱਠੂ ਸੰਘਣੇ ਰੁੱਖ ਦੀ ਟਹਿਣੀ ਉੱਪਰ ਬੈਠਾ ਸੀ। ਉਸ ਦੀ ਹਵਾ ਨਾਲ ਡੋਲਦੀ ਛਾਂ ਥੱਲੇ ਮਾਂ-ਰਿੱਛ ਪਿੱਠ ਭਾਰ ਲੰਮੀ ਪਈ ਹੈ ਅਤੇ ਉਸ ਦਾ ਬੱਚਾ ਦੁੱਧ ਚੁੰਘ ਰਿਹਾ ਹੈ। ਦੇਖਣ ਨੂੰ ਬੱਚਾ ਭਾਵੇਂ ਵੱਡਾ ਲੱਗ ਰਿਹਾ ਸੀ।

ਦੁੱਧ ਪੀਣ ਬਾਅਦ ਉਸ ਦੀ ਬਿਰਤੀ ਖੇਡ ਵਲ ਮੁੜ ਪਈ। ਖੇਡਣ ਵਾਸਤੇ ਉਸ ਨੂੰ ਲੱਕੜੀ ਦਾ ਛੋਟਾ ਟੁਕੜਾ ਮਿਲ ਗਿਆ ਜਿਸ ਨੂੰ ਉਹ ਕਦੇ ਪੈਰਾਂ ਨਾਲ ਰੋਲਦਾ ਕਦੇ ਮੂੰਹ ਵਿਚ ਪਾ ਇਧਰ-ਉਧਰ ਉਛਾਲਦਾ। ਦੂਰ ਪਈ ਲੱਕੜ ਨੂੰ ਚੁੱਕਣ ਵਾਸਤੇ ਕਦੇ ਟਪੂਸੀਆਂ ਮਾਰੀਆਂ ਜਾਂਦੀਆਂ, ਕਦੇ ਗੋਲ-ਮੋਲ ਹੋਇਆ ਜਾਂਦਾ। ਚਿੱਤ ਅੱਕਿਆ ਤਾਂ ਪੈਰਾਂ ਦੇ ਆਸਰੇ ਰੁੱਖ ਉੱਪਰ ਚੜ੍ਹਨ ਦੀ ਕੋਸ਼ਿਸ਼ ਸ਼ੁਰੂ ਹੋ ਗਈ। ਪਰ ਜਲਦੀ ਹੀ ਜੱਫਾ ਢਿੱਲਾ ਪੈ ਜਾਣ ਕਰ ਕੇ