ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੋਤਾ

25

ਉਸ ਦੀਆਂ ਅੱਖਾਂ ਅੱਗੋਂ ਪਵਨ ਦੀ ਤਸਵੀਰ ਲੰਘ ਗਈ। ਫੇਰ ਉਸ ਦੇ ਪਿਓ ਅਤੇ ਮਾਂ ਦੀ। ਉਹ ਨੌਕਰਾਣੀ ਨੂੰ ਨਾ ਭੁਲਾ ਸਕਿਆ। ਸਭ ਤੋਂ ਵੱਧ ਪਿਆਰ ਉਸ ਕੁੱਤੇ 'ਤੇ ਆਇਆ ਜਿਸ ਨੇ ਉਸ ਨੂੰ ਕੈਦ ਤੋਂ ਮੁਕਤੀ ਕਰਾਈ ਸੀ।

ਇਹ ਸਾਰੇ ਲੋਕ ਇਸੇ ਰਾਹੋਂ ਆਉਂਦੇ-ਜਾਂਦੇ ਸਨ।

ਅਗਲੀ ਸਵੇਰ ਮਿੱਠੂ ਰੁੱਖ ਦੀ ਟਾਹਣੀ 'ਤੇ ਬੈਠਾ ਪਵਨ ਦਾ ਨਾਂ ਲੈ ਕੇ ਉਸ ਨੂੰ ਸੱਦ ਰਿਹਾ ਸੀ।

ਮਿੱਠੂ ਦੀ ਆਵਾਜ਼ ਸੁਣ ਕੁੱਤੇ ਨੇ ਭੋਂਕਣਾ ਸ਼ੁਰੂ ਕਰ ਦਿੱਤਾ। ਹਵਾ ਨਾਲ ਉੱਚੀ-ਨੀਵੀਂ ਹੁੰਦੀ ਟਾਹਣੀ ਉੱਪਰ ਬੈਠੇ ਨੇ ਸਾਰੇ ਘਰ ਨੂੰ ਧਿਆਨ ਨਾਲ ਦੇਖਿਆ। ਸਭ ਤੋਂ ਪਹਿਲਾਂ ਉਸ ਦੀ ਨਜ਼ਰ ਆਪਣੇ ਪਿੰਜਰੇ 'ਤੇ ਪਈ ਜਿਹੜਾ ਇਕ ਪਾਸੇ ਪਿਆ ਵੀਰਾਨ ਜੀਵਨ ਜੀ ਰਿਹਾ ਸੀ।

ਉਸ ਦੇ ਬਾਅਦ ਹੋਰ ਵਸਤਾਂ ਉਸ ਦੀਆਂ ਅੱਖਾਂ ਨਾਲ ਟਕਰਾਈਆਂ। ਉਸ ਨੂੰ ਸਭ ਕੁਝ ਓਪਰਾ-ਓਪਰਾ ਲੱਗ ਰਿਹਾ ਸੀ।

ਇੰਨੇ ਨੂੰ ਘਰ ਦੇ ਸਾਰੇ ਜੀਅ ਬਗੀਚੇ ਵਿਚ ਆ ਪੁੱਜੇ ਸਨ। ਸਾਰਿਆਂ ਨੂੰ ਦੇਖ ਕੇ ਮਿੱਠੂ ਹੋਰ ਨੀਵੀਂ ਟਾਹਣੀ 'ਤੇ ਆ ਬੈਠਾ।

ਤਦੇ ਪਵਨ ਦੀ ਮੰਮੀ ਬੋਲ ਪਈ, "ਕਿੱਥੇ ਰਿਹਾ ਤੂੰ ਇੰਨੇ ਦਿਨ?"

ਮਿੱਠੂ ਨੇ ਕੋਈ ਜਵਾਬ ਨਾ ਦਿੱਤਾ।

ਜੋਤੀ ਨੇ ਪਵਨ ਨੂੰ ਪਿੰਜਰਾ ਲਿਆਉਣ ਲਈ ਕਿਹਾ। ਇਸ ਹਰਕਤ ਨੇ ਮਿੱਠੂ ਨੂੰ ਪਰੇਸ਼ਾਨ ਕਰ ਦਿੱਤਾ। ਪਰ ਆਪਣੇ ਉੱਪਰ ਕਾਬੂ ਰੱਖਦਿਆਂ ਹੋਇਆਂ ਉਸ ਨੇ ਕਿਹਾ, "ਮੈਂ ਹੁਣ ਕੈਦ ਹੋਣ ਲਈ ਨਹੀਂ ਆਇਆ। ਮੈਂ ਤੁਹਾਨੂੰ ਇਹ ਦੱਸਣ ਆਇਆ ਹਾਂ ਕਿ ਜੰਗਲ ਵਿਚੋਂ ਦੀ ਲੰਘਦੇ ਰਾਹ 'ਤੇ ਕੱਲਿਆਂ ਨਾ ਜਾਇਆ ਕਰੋ। ਪਵਨ ਨੂੰ ਵੀ ਉਸ ਰਾਹੋਂ ਕੱਲਿਆਂ ਸਕੂਲ ਨਾ ਭੇਜਿਓ।"

ਪਵਨ ਅੱਗੇ ਹੋ ਬੋਲਿਆ, "ਕਿਉਂ? ਮੈਂ ਤਾਂ ਵੱਡਾ ਹੋ ਗਿਆ ਹਾਂ।"

ਮਿੱਠੂ ਨੇ ਗੱਲ ਤੋਰਦਿਆਂ ਕਿਹਾ, "ਲੋਕਾਂ ਵੱਲੋਂ ਰਿੱਛ ਦੇ ਬੱਚੇ ਨੂੰ ਘੇਰ ਕੇ ਮਾਰਨ ਵਾਲੀ ਘਟਨਾ ਨੇ ਸਾਰੇ ਜਾਨਵਰਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਹੋ ਸਕਦਾ ਏ ਉਹ ਇਸ ਘਟਨਾ ਦਾ ਬਦਲਾ ਲੈਣ।"