ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਨਮ ਦਿਨ

ਅੱਜ ਠੰਢ ਜ਼ਿਆਦਾ ਲੱਗ ਰਹੀ ਸੀ। ਕਹਿੰਦੇ ਨੇ, ਚਲਦੀ ਹਵਾ ਮੌਸਮ ਨੂੰ ਹੋਰ ਠੰਢਾ ਕਰ ਦਿੰਦੀ ਹੈ।

ਉਹ ਅੱਜ ਵੀ ਪਹਿਲੇ ਦਿਨਾਂ ਵਾਂਗ ਆਪਣੀ ਥਾਂ ਉੱਤੇ ਖੜ੍ਹਾ ਸੀ। ਉਸ ਦੇ ਪਿੰਡੇ ਪਏ ਲੀੜੇ ਠੰਢ ਨੂੰ ਰੋਕ ਰਹੇ ਸਨ ਜਾਂ ਸੱਦ ਰਹੇ ਸਨ, ਪਤਾ ਨਹੀਂ ਸੀ ਲੱਗਦਾ।

ਉਹ ਆਪਣੇ ਪਾਏ ਕੱਪੜਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਓਧਰ ਕਰ ਲੈਂਦਾ ਜਿਧਰੋਂ ਉਸ ਨੂੰ ਲਗਦਾ, ਹਵਾ ਉਸ ਤਕ ਪਹੁੰਚ ਰਹੀ ਹੈ।

ਇਹ ਕੰਮ ਦੇਖਣ ਵਾਲੇ ਨੂੰ ਕਾਫੀ ਔਖਾ ਅਤੇ ਥਕਾ ਦੇਣ ਵਾਲਾ ਲੱਗ ਸਕਦਾ ਸੀ ਕਿਉਂਕਿ ਇਉਂ ਕਰਦਿਆਂ ਉਸ ਨੂੰ ਹੱਥ ਫੜੇ ਗੁਬਾਰੇ ਵੀ ਸੰਭਾਲਣੇ ਪੈਂਦੇ ਸਨ।

ਉਹ ਓਨੇ ਕੁ ਗ਼ੁਬਾਰੇ ਲੈ ਕੇ ਖੜ੍ਹਦਾ ਜਿੰਨੇ ਕੁ ਸੰਭਾਲਣ ਦੇ ਸਮਰੱਥ ਹੁੰਦਾ ਜਾਂ ਉਸ ਨੂੰ ਉਮੀਦ ਹੁੰਦੀ ਕਿ ਉਹ ਵਿਕ ਜਾਣਗੇ।

ਰੰਗ-ਬਿਰੰਗੇ ਗ਼ੁਬਾਰਿਆਂ ਨੂੰ ਉਹ ਖੁਦ ਫੁਲਾਉਂਦਾ ਤੇ ਸਜਾਉਂਦਾ।

ਠੰਢ ਕਰਕੇ ਉਹ ਔੱਜ ਦੇਰ ਤਕ ਇਥੇ ਠਹਿਰਨਾ ਨਹੀਂ ਚਾਹੁੰਦਾ ਸੀ। ਨੀਵੇਂ ਹੋ ਕੇ ਤੁਰ ਰਹੇ ਬੱਂਦਲ ਕਦੇ ਵੀ ਮੀਹ ਜਾਂ ਬਰਫ਼ ਨੂੰ ਰਾਹ ਦੇ ਸਕਦੇ ਸਨ।

ਉਹ ਸੂਰਜ ਛੁਪਣ ਦੇ ਬਾਅਦ ਹੀ ਇਥੇ ਪੁੱਜਦਾ। ਹਲਕਾ-ਹਲਕਾ ਨ੍ਹੇਰਾ ਸਮਾਂ ਗੁਜ਼ਰਨ ਦੇ ਨਾਲ ਗੂੜ੍ਹਾ ਹੋ ਜਾਂਦਾ। ਉਹ ਓਨੀ ਦੇਰ ਤਕ ਓਥੇ ਰਹਿੰਦਾ ਜਦ ਤਕ ਸਾਰਾ ਸਮਾਨ ਨਾ ਵਿਕ ਜਾਂਦਾ ਜਾਂ ਥੱਕ ਨਾ ਜਾਂਦਾ।

ਨ੍ਹੇਰ-ਚਾਣਨ ਵਿਚ ਗ਼ੁਬਾਰਿਆਂ ਦਾ ਸਮੂਹ ਇਵੇਂ ਲੱਗਦਾ ਜਿਵੇਂ ਕੋਈ ਫੁੱਲਾਂ ਦਾ ਬਗ਼ੀਚਾ ਤੁਰ-ਫਿਰ ਰਿਹਾ ਹੈ।

ਕਾਫ਼ੀ ਸਮਾਂ ਗੁਜ਼ਰ ਜਾਣ ਦੇ ਬਾਵਜੂਦ ਕਈ ਗ਼ੁਬਾਰੇ ਅਜੇ ਵੀ ਉਹਦੇ ਕੋਲ ਸਨ। ਉਹ ਕਈ ਤਰ੍ਹਾਂ ਦੀਆਂ ਸੋਚਾਂ ਵਿਚ ਘਿਰਿਆ ਨਿੱਕੇ-ਨਿੱਕੇ ਪੈਰ ਪੁੱਟਦਾ ਇਧਰ-ਓਧਰ ਹੋ ਰਿਹਾ ਸੀ।