ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਨਮ ਦਿਨ

29

ਸੀ। ਉਹ ਰੂਪ ਉਹਦੇ ਅੰਦਰ ਤਕ ਲਹਿ ਗਿਆ। ਉਸ ਰੂਪ ਨੇ ਉਸ ਨੂੰ ਗਰਮਾ ਦਿੱਤਾ।

"ਇਹ ਗੁਬਾਰਾ ਮੈਂ ਲਵਾਂਗੀ। ਕੇਕ ਕੱਟਣ ਵੇਲੇ ਦੇਵਾਂਗੀ..."

ਕੇਕ ਦਾ ਨਾਂ ਨਾ ਲੈ, ਮੇਰੇ ਮੂੰਹ ਵਿਚ ਪਾਣੀ ਆ ਜਾਂਦਾ ਹੈ।"

"ਇਸ ਵਾਰ ਤਾਂ ਬਹੁਤ ਵੱਡਾ ਕੇਕ ਬਣਵਾਇਆ। ਖਾ ਲਿਓ ਜਿੰਨਾ ਜੀਅ ਕਰੇ।"

"ਮੰਗ ਕੇ ਖਾਣ ਨਾਲ ਮਜ਼ਾ ਨਹੀਂ ਆਉਂਦਾ। ਮੈਂ ਤਾਂ ਖੋਹ ਕੇ ਖਾਵਾਂਗੀ।"

"ਤੈਨੂੰ ਤਾਂ ਮੈਂ ਆਪਣੀ ਪਲੇਟ ਵੱਲ ਝਾਕਣ ਵੀ ਨਾ ਦੇਵਾਂਗੀ..."

"ਆਪਣੀਆਂ ਗੱਲਾਂ ਛੱਡੋ। ਪਰ ਇਧਰ ਦੇਖੋ। ਦੇਰ ਨਾ ਕਰੋ। ਜਿਸ ਨੂੰ ਜੋ ਚਾਹੀਦਾ, ਦੱਸੋ।"

"ਮੈਨੂੰ ਤਾਂ ਸਾਰੇ ਪਸੰਦ ਹਨ। ਸਾਲ ਬਾਅਦ ਆਉਣਾ ਜਨਮ ਦਿਨ..."

ਸਾਰੇ ਮਾਹੌਲ ਨੇ ਗੁਬਾਰੇ ਵੇਚਣ ਵਾਲੇ ਨੂੰ ਅਸਥਿਰ ਕਰ ਦਿੱਤਾ। ਉਹ ਜੋ ਦੇਖ ਸੁਣ ਰਿਹਾ ਸੀ ਉਹ ਸਰੀਰ ਕਰਕੇ ਸੀ। ਉਸ ਦਾ ਮਨ ਕਿਸੇ ਹੋਰ ਪਾਸੇ ਘੁੰਮ ਰਿਹਾ ਸੀ।

ਉਸ ਨੇ ਜਨਮ ਦਿਨ ਪਹਿਲੀ ਵਾਰ ਸੁਣਿਆ ਸੀ। ਜਨਮ ਦਿਨ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ? ਲੋਕ ਉਸ ਵੇਲੇ ਕੀ ਕਰਦੇ ਹਨ? ਕੀ ਇਹ ਮੰਗ ਕੇ ਮਨਾਇਆ ਜਾਂਦਾ ਹੈ।

ਇਹ ਪ੍ਰਸ਼ਨ ਉਸ ਦੇ ਦਿਮਾਗ਼ ਵਿਚ ਵਾ-ਵਰੋਲੇ ਵਾਂਗ ਘੁੰਮਣ ਲੱਗੇ।

ਉਹ ਇਹ ਵੀ ਸੋਚ ਰਿਹਾ ਸੀ ਕਿ ਮੰਗਣ ਨਾਲ ਉਸ ਦਾ ਸੰਬੰਧ ਬਹੁਤ ਪੁਰਾਣਾ ਹੈ, ਸ਼ਾਇਦ ਜਨਮ ਤੋਂ ਹੀ।

ਜਦ ਉਹ ਬੱਚਾ ਸੀ ਤਾਂ ਮਾਂ ਉਸ ਨੂੰ ਕੁੱਛੜ ਚੁੱਕ ਮੰਗਦੀ ਹੁੰਦੀ ਸੀ। ਥੋੜ੍ਹਾ ਵੱਡਾ ਹੋਣ ਬਾਅਦ ਉਸ ਦੇ ਮਾਪਿਆਂ ਨੇ ਉਸ ਨੂੰ ਮੰਗਣ ਲਗਾ ਦਿੱਤਾ।

ਆਸ-ਪਾਸ ਦੀ ਸੋਝੀ ਹੋਣ ਬਾਅਦ ਉਸ ਨੂੰ ਮੰਗਣਾ ਚੰਗਾ ਨਾ ਲੱਗਾ। ਉਹ ਕੋਈ ਕੰਮ ਕਰ ਕੇ ਪੈਸੇ ਲੈਣਾ ਚਾਹੁੰਦਾ ਸੀ।

ਮੰਗਣ ਸਮੇਂ ਫੈਲੇ ਹੱਥ ਅਤੇ ਆਪਣੀਆਂ ਲਿਲੜੀਆਂ ਵੀ ਉਸ ਨੂੰ ਚੇਤੇ ਆਈਆਂ। ਉਹ ਜਦ ਆਪਣੀ ਉਮਰ ਤੋਂ ਕਿਤੇ ਵੱਡੇ ਅਣਜਾਣੇ ਲੋਕਾਂ ਨੂੰ ਅਸੀਸ ਦਿੰਦਾ ਤਾਂ ਉਸ ਨੂੰ ਸ਼ਰਮ ਆ ਜਾਂਦੀ।

ਬਦਲੇ ਵਿਚ ਉਸ ਨੂੰ ਕਦੇ ਅਸੀਸ ਨਾ ਮਿਲੀ। ਪੈਸੇ ਦੇਣ ਅਤੇ ਨਾ ਦੇਣ ਵਾਲੇ ਦੋਹਾਂ ਦੀਆਂ ਨਜ਼ਰਾਂ ਉਸ ਨੂੰ ਵਿੰਨ੍ਹ ਜਾਂਦੀਆਂ। ਜਿਨ੍ਹਾਂ ਦੀ ਚੋਭ ਦੇਰ ਤਕ ਮਹਿਸੂਸ ਹੁੰਦੀ ਰਹਿੰਦੀ।