ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ

39

ਗਿਆ। ਜੰਗਲਾਂ ਵਿਚ ਰੁੱਖਾਂ ਨਾਲ ਟੰਗੇ ਹੋਏ ਇਹੋ ਜਿਹੇ ਘਰ ਦੇਖਣ ਨੂੰ ਆਮ ਮਿਲ ਜਾਂਦੇ ਹਨ।

ਉਸ ਦਿਨ ਜਦ ਉਹ ਜੋੜਾ ਰੋਜ਼ ਵਾਂਗ ਲੂ ਤੋਂ ਬਚਣ ਲਈ ਕੂਲਰ ਉੱਪਰ ਆ ਟਿਕਿਆ ਤਾਂ ਗਗਨ ਤੇ ਬਾਵਾ ਉਹਨਾਂ ਨਾਲ ਗੱਲਾਂ ਕਰਨ ਲਈ ਬੂਹਾ ਖੋਲ੍ਹ ਕੇ ਬਾਹਰ ਨਿਕਲ ਆਏ।

ਇਧਰ-ਉਧਰ ਦੀਆਂ ਦੋ-ਚਾਰ ਗੱਲਾਂ ਕਰਨ ਬਾਅਦ ਗਗਨ ਤੋਂ ਰਿਹਾ ਨਾ ਗਿਆ। ਉਹ ਬੋਲ ਪਿਆ, "ਤੁਸੀ ਘਰ ਦੀ ਤਲਾਸ਼ ਵਿਚ ਸੀ ਨਾ...। ਮੇਰੇ ਪਾਪਾ ਨੇ ਤੁਹਾਡੇ ਲਈ ਇਕ ਨਵਾਂ ਘਰ ਬਣਵਾਇਆ ਹੈ...। ਹੁਣ ਤੁਸੀਂ ਉਸ ਵਿਚ ਆਰਾਮ ਨਾਲ ਰਹਿ ਸਕੋਗੇ।"

ਦੋਹਾਂ ਨੂੰ ਬੱਚਿਆਂ ਦੀ ਗੱਲ ਉੱਪਰ ਵਿਸ਼ਵਾਸ ਨਹੀਂ ਆ ਰਿਹਾ ਸੀ। ਉਸੇ ਵੇਲੇ ਬਾਵਾ ਨੇ ਕਿਹਾ, "ਮੇਰਾ ਭਰਾ ਸੱਚ ਕਹਿ ਰਿਹਾ ਏ। ਇਹ ਘਰ ਅਸੀਂ ਬਜ਼ਾਰੋਂ ਬਣਵਾ ਕੇ ਲਿਆਏ ਹਾਂ ਤੁਹਾਡੇ ਰਹਿਣ ਵਾਸਤੇ...।"

ਸ਼ਾਰਕ ਦੀ ਉਤਸੁਕਤਾ ਹੋਰ ਵਧ ਗਈ ਸੀ ਜਿਸ ਨੂੰ ਉਹ ਛੁਪਾ ਨਾ ਸਕੀ। ਉਹ ਬੋਲ ਹੀ ਪਈ, "ਕਿਥੇ ਰੱਖਿਆ ਏ... ?"

"ਉੱਪਰ..." ਕਹਿ ਕੇ ਗਗਨ ਤੇ ਬਾਵਾ ਪੌੜੀਆਂ ਰਾਹੀਂ ਛੱਤ ਵੱਲ ਨੱਠ ਪਏ।

ਗਰਮ ਹਵਾ ਖਹਿ-ਖਹਿ ਕੇ ਚੱਲ ਰਹੀ ਸੀ। ਫਰਸ਼ ਤਵੇ ਵਾਂਗ ਤਪਿਆ ਪਿਆ ਸੀ। ਪਰ ਘਰ ਦੇਖਣ ਦਿਖਾਉਣ ਦੇ ਸਾਹਮਣੇ ਸਭ ਕੁਝ ਨਿਰਾਰਥਕ ਸੀ।

ਲੋਹੇ ਦੀ ਤਪੀ ਰੇਲਿੰਗ ਉੱਤੇ ਬੈਠੇ ਸ਼ਾਰਕ ਜੋੜੇ ਦਾ ਧਿਆਨ ਆਪਣੇ ਵੱਲ ਕਰਦਿਆਂ ਹੋਇਆਂ ਬਾਵਾ ਨੇ ਹੱਥ ਚੁੱਕ ਕੇ ਦੂਰ ਰੱਖੇ ਘਰ ਵੱਲ ਇਸ਼ਾਰਾ ਕਰ ਕੇ ਕਿਹਾ, "ਉਹ ਦੇਖੋ, ਉਹ ਏ ਤੁਹਾਡਾ ਨਵਾਂ ਘਰ।"

ਇਸੇ ਵੇਲੇ ਬੱਚਿਆਂ ਦੀ ਮੰਮੀ ਵੀ ਆ ਗਈ ਸੀ। ਸੂਰਜ ਲੰਮੇ ਰੁੱਖਾਂ ਦੇ ਪਿੱਛੇ ਵੱਲ ਨੂੰ ਖਿਸਕ ਰਿਹਾ ਸੀ। ਜਿਸ ਕਾਰਨ ਛੱਤ ਉੱਪਰ ਡੱਬ-ਖੜੱਬੀ ਛਾਂ ਹਵਾ ਕਾਰਨ ਹਿੱਲ ਰਹੀ ਸੀ।

ਸ਼ਾਰਕ ਜੋੜੇ ਦੀਆਂ ਅੱਖਾਂ ਵਿਚ ਪਾਣੀ ਆ ਗਿਆ।

ਇਸ ਦੇ ਬਾਵਜੂਦ ਸ਼ਾਰਕ ਖੁਦ ਨੂੰ ਰੋਕ ਨਾ ਸਕੀ। ਉਸ ਨਿੱਕੀ ਜਿਹੀ ਉਡਾਰੀ ਭਰੀ ਅਤੇ ਰੱਖੇ ਹੋਏ ਆਲ੍ਹਣੇ ਨੂੰ ਨੇੜਿਓਂ ਦੇਖ ਆਈ।