ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

44

ਅੱਧੀ ਚੁੰਝ ਵਾਲੀ ਚਿੜੀ

ਸ਼ੇਰਨੀ ਚੁੱਪਚਾਪ ਆਪਣੇ ਬੱਚਿਆਂ ਦੇ ਕਾਰਨਾਮੇ ਵੇਖ-ਸੁਣ ਰਹੀ ਸੀ। ਤਦੇ ਉਸ ਦੇ ਕੰਨਾਂ ਵਿਚ ਇਕ ਹੋਰ ਗੱਲ ਪਈ। ਦੋਵੇਂ ਜਣੇ, ਹੁਣ ਸ਼ੇਰਨੀ ਤੋਂ ਥੋੜ੍ਹੀ ਵਿੱਥ ਉੱਪਰ ਆ ਖੜ੍ਹੇ ਹੋਏ ਸਨ। ਦੋਵੇਂ ਜਣੇ ਇਕੋ ਸੁਰ ਵਿਚ ਬੋਲੇ, "ਅਸੀਂ ਵੀ ਰਾਜਧਾਨੀ ਜਾਵਾਂਗੇ! ਸਾਨੂੰ ਵੀ ਗੱਡੀ ਵਿਖਾ ਲਿਆਓ।"

ਰਾਜਧਾਨੀ ਅਤੇ ਗੱਡੀ ਦਾ ਨਾਂ ਮੁੜ-ਮੁੜ ਬੱਚਿਆਂ ਦੇ ਮੂੰਹੋਂ ਸੁਣ ਉਹ ਹੈਰਾਨ ਹੋ ਰਹੀ ਸੀ। ਪਰ ਬੱਚਿਆਂ ਦੀ ਆਵਾਜ਼ ਵਿਚ ਦ੍ਰਿੜ੍ਹਤਾ ਵਧਦੀ ਜਾ ਰਹੀ ਸੀ।

"ਰਾਜਧਾਨੀ ਬਹੁਤ ਦੂਰ ਏ। ਤੁਸੀਂ ਤਾਂ ਅਜੇ ਬੱਚੇ ਓ," ਸ਼ੇਰਨੀ ਨੇ ਜਵਾਬ ਵਿਚ ਕਈ ਤਰ੍ਹਾਂ ਦੇ ਭਾਵ ਲੁਕੇ ਹੋਏ ਸਨ। ਹੈਰਾਨ ਤਾਂ ਉਹ ਪਹਿਲਾਂ ਹੀ ਸੀ।

ਇਸ ਨਾਂਹ ਨੇ ਦੋਹਾਂ ਵਿਚ ਹੋਰ ਜੋਸ਼ ਭਰ ਦਿੱਤਾ। ਆਪੋ-ਆਪਣੇ ਜਿਸਮਾਂ ਨੂੰ ਉਹਨਾਂ ਨੇ ਹਰਕਤ ਵਿਚ ਲਿਆਂਦਾ ਅਤੇ ਪਹਿਲਾਂ ਨਾਲੋਂ ਕਿਤੇ ਉੱਚੀ ਆਵਾਜ਼ ਵਿਚ ਬੋਲੇ, "ਜਾਵਾਂਗੇ, ਜਾਵਾਂਗੇ। .... ਅਸੀਂ 'ਕੱਲੇ ਚਲੇ ਜਾਵਾਂਗੇ।"

ਸ਼ੇਰਨੀ ਦੀਆਂ ਅੱਖਾਂ ਵਿਚ ਗੁੱਸਾ ਉੱਤਰ ਰਿਹਾ ਸੀ। ਇਸ ਦੀ ਜ਼ਰਾ ਜਿੰਨੀ ਪਰਵਾਹ ਕੀਤੇ ਬਿਨਾਂ ਉਹਨਾਂ ਨੇ ਆਪਣੀ ਗੱਲ ਨੂੰ ਅੱਗੇ ਤੋਰਿਆ, "ਜੇ ਚਿੜੀ ਜਾ ਸਕਦੀ ਏ ਤਾਂ ਅਸੀਂ ਕਿਉਂ ਨਹੀਂ। ...ਅਸੀਂ ਚਿੜੀ ਤੋਂ ਤਾਂ ਵੱਡੇ ਆਂ।"

ਮਾਂ ਨੇ ਮੁੜ ਉਹਨਾਂ ਦੀ ਅੜੀ ਤੋੜਨੀ ਚਾਹੀ, "ਰਾਹ 'ਚ ਖਤਰੇ ਹਨ। ਜੇ ਤੁਹਾਨੂੰ ਕੁਝ ਹੋ ਗਿਆ ਤਾਂ..।"

ਪੂਛ ਕਟਾ ਬੋਲ ਪਿਆ, "ਜਦ ਚਿੜੀ ਨੂੰ ਕੁਝ ਨਹੀਂ ਹੋਇਆ ਤਾਂ ਸਾਨੂੰ ਕੀ ਹੋਵੇਗਾ?"

ਮਾਂ ਬੱਚਿਆਂ ਦੀ ਜ਼ਿੱਦ ਅੱਗੇ ਬੇਬਸ ਸੀ। ਪਰ ਰਾਹ ਵਿਚ ਆਉਣ ਵਾਲਿਆਂ ਖ਼ਤਰਿਆਂ ਬਾਰੇ ਬੱਚਿਆਂ ਨੂੰ ਸਮਝਾ ਨਹੀਂ ਸੀ ਸਕਦੀ।

ਦੋਵੇਂ ਪਾਸੇ ਥੋੜ੍ਹਾ ਸਮਾਂ ਚੁੱਪ ਰਹੀ।

ਪਤਾ ਨਹੀਂ ਦੋਹਾਂ ਦੇ ਮਨ ਵਿਚ ਕੀ ਆਈ। ਇਕ ਨੇ ਦੂਸਰੇ ਨੂੰ ਕਿਹਾ, "ਆ...'ਕੱਲੇ ਹੀ ਚਲਦੇ ਹਾਂ..।"

ਦੂਜਾ ਬੋਲਿਆ, "ਜਾਣ ਤੋਂ ਪਹਿਲਾਂ ਚਿੜੀ ਕੋਲੋਂ ਰਾਹ ਪੁੱਛ ਲਵਾਂਗੇ।"

ਦੋਹਾਂ ਨੇ ਸ਼ੇਰਨੀ ਵੱਲ ਪਿੱਠ ਕੀਤੀ ਅਤੇ ਨਿੱਕੇ-ਨਿੱਕੇ ਪੈਰਾਂ ਨਾਲ ਅਗ੍ਹਾਂ ਵਧਣ ਲੱਗੇ। ਉਹ ਰਾਜਧਾਨੀ ਵੱਲ ਜਾ ਰਹੇ ਹਨ ਜਾਂ ਕਿ ਚਿੜੀ ਵੱਲ। ਉਹਨਾਂ ਨੂੰ ਇਸ ਬਾਰੇ ਕੋਈ ਖ਼ਬਰ ਨਹੀਂ ਸੀ। ਦੇਖਦਿਆਂ-ਦੇਖਦਿਆਂ ਉਹਨਾਂ ਕਾਫ਼ੀ ਪੈਂਡਾ ਤੈਅ ਕਰ ਲਿਆ।