ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਜਧਾਨੀ ਦਾ ਜੰਗਲ

45

ਸ਼ੇਰਨੀ ਦੀ ਦੇਹ ਹੁਣ ਗੁੱਸੇ ਨਾਲ ਭਰ ਗਈ ਸੀ। ਉਹ ਇਕਦਮ ਉੱਠੀ ਅਤੇ ਪੂਰੀ ਰਫ਼ਤਾਰ ਨਾਲ ਬੱਚਿਆਂ ਵੱਲ ਦੌੜੀ। ਪਲਾਂ ਵਿਚ ਆਪਣੇ ਮੋਹਰਲੇ ਪੈਰਾਂ ਦੀ ਮਾਰ ਨਾਲ ਦੋਹਾਂ ਨੂੰ ਢੇਰ ਕਰ ਲਿਆ। ਗੋਲ-ਮੋਲ ਹੁੰਦੇ ਹੋਏ ਉਹ ਬਹੁਤ ਦੂਰ ਤਕ ਰਿੜ੍ਹਦੇ ਚਲੇ ਗਏ। ਇਹੋ ਜਿਹੀ ਮਾਰ ਉਹਨਾਂ ਨੂੰ ਪਹਿਲੀ ਵਾਰ ਪਈ ਸੀ।

ਹੁਣ ਸ਼ੇਰਨੀ ਪੈਰਾਂ ਭਾਰ ਜ਼ਮੀਨ ਉੱਪਰ ਅਟਲ ਖੜ੍ਹੀ ਸੀ ਜਦ ਕਿ ਉਹ ਦੋਵੇਂ, ਹੁਣ ਵੀ ਦੁਬਕੇ ਬੈਠੇ ਹੋਏ ਸਨ। ਉਹਨਾਂ ਦੋਹਾਂ ਦੀਆਂ ਅੱਖਾਂ ਹੀ ਸ਼ੇਰਨੀ ਵੱਲ ਝਾਕ ਰਹੀਆਂ ਸਨ।

ਸ਼ੇਰਨੀ ਨੇ ਨਾਲ ਤੁਰਨ ਲਈ ਕਿਹਾ ਪਰ ਉਹ ਪੱਥਰ ਵਾਂਗ ਓਥੇ ਹੀ ਪਏ ਰਹੇ।

ਸਥਿਤੀ ਚਿੰਤਾ ਵਾਲੀ ਸੀ। ਉਹਨਾਂ ਨੇ ਗੁੱਸੇ ਦੀ ਆਵਾਜ਼ ਨੂੰ ਵੀ ਜਿਵੇਂ ਸਮਝਦੇ ਨਾਂਹ ਕਰ ਦਿੱਤੀ ਸੀ।

ਸਮਝੌਤਾ ਹੀ ਆਖਰੀ ਰਾਹ ਲੱਗ ਰਿਹਾ ਸੀ। ਉਹ ਨਰਮੀ ਵਾਲੇ ਸ਼ਬਦ ਵਰਤਦਿਆਂ ਬੋਲੀ, "ਦੇਖੋ, ਰਾਤ ਹੋ ਰਹੀ ਏ...। ਕੋਈ ਵੀ ਸ਼ਿਕਾਰੀ ਜਾਨਵਰ ਤੁਹਾਨੂੰ ਆਪਣਾ ਸ਼ਿਕਾਰ ਬਣਾ ਸਕਦਾ ਏ।"

"ਅਸੀਂ ਰਾਜਧਾਨੀ ਜਾਣਾ ਏ....।"

"ਚੰਗੇ ਬੱਚੇ ਰਾਤ ਨੂੰ ਆਪਣੇ ਘਰ ਜਾਂਦੇ ਹਨ। ਤੁਹਾਡੀ ਇਸ ਥਾਂ ਰਾਖੀ ਕੌਣ ਕਰੇਗਾ?" ਮਾਂ ਨੇ ਕੋਲ ਹੋ ਕੇ ਆਪਣੀ ਜੀਭ ਨਾਲ ਚੱਟਦਿਆਂ ਹੋਇਆਂ ਆਪਣੇ ਲਾਡਲਿਆਂ ਨੂੰ ਕਿਹਾ, "ਲੈ ਚੱਲਾਂਗੀ। ...ਅਸੀਂ ਸਾਰੇ ਚੱਲਾਂਗੇ... 'ਕੱਠੇ।"

ਦਿਲਾਸਾ ਮਿਲਣ 'ਤੇ ਬੱਚੇ ਖੁਸ਼ ਹੋਕੇ ਟਪੂਸੀਆਂ ਮਾਰਨ ਲੱਗੇ। ਤਿੰਨੇ ਜਣੇ ਜਦ ਆਪਣੇ ਪਰਿਵਾਰ ਵਿਚ ਪਹੁੰਚੇ ਤਾਂ ਗੂਹੜਾ ਨ੍ਹੇਰਾ ਹੋ ਗਿਆ ਸੀ।

ਰਲ-ਮਿਲ ਕੇ ਇਹ ਫ਼ੈਸਲਾ ਕੀਤਾ ਗਿਆ ਕਿ ਪਹਿਲਾਂ ਸ਼ੇਰਨੀ ਰਾਜਧਾਨੀ ਜਾਵੇਗੀ। ਜੇ ਸਭ ਕੁਝ ਠੀਕ ਰਿਹਾ ਤਾਂ ਫੇਰ ਬੱਚੇ ਵੀ ਜਾਣਗੇ।

ਰਸਤੇ ਦੀ ਜਾਣਕਾਰੀ ਚਿੜੀ ਨੂੰ ਆਪਣੇ ਕੋਲ ਸੱਦ ਕੇ ਲੈ ਲਈ ਗਈ। ਅਗਲੇ ਦਿਨ ਸ਼ੇਰਨੀ ਨੇ ਅਪਣੇ ਬੱਚਿਆਂ ਨੂੰ ਜਾਣ ਤੋਂ ਪਹਿਲਾਂ ਖ਼ੂਬ ਪਿਆਰ ਕੀਤਾ ਅਤੇ ਫੇਰ ਰਾਜਧਾਨੀ ਵੱਲ ਮੂੰਹ ਕਰ ਕੇ ਤੁਰ ਪਈ।

ਸਮਾਂ ਬੀਤਣ ਲੱਗਾ। ਆਮ ਨਾਲੋਂ ਜ਼ਿਆਦਾ ਦਿਨ ਬੀਤ ਗਏ ਸਨ। ਸ਼ੇਰਨੀ ਵਾਪਸ ਨਹੀਂ ਸੀ ਆਈ। ਬੱਚਿਆਂ ਦੀ ਖੁਸ਼ੀ ਹੁਣ ਦੁੱਖ ਵਿਚ ਬਦਲਦੀ ਜਾ ਰਹੀ ਸੀ।

ਬੱਚਿਆਂ ਦੇ ਨਾਲ-ਨਾਲ ਪਰਿਵਾਰ ਦੀ ਚਿੰਤਾ ਵੀ ਵੱਧ ਰਹੀ ਸੀ। ਸ਼ੇਰ ਪਰਿਵਾਰ ਦੇ ਮੁੱਖੀ ਦਾ ਖਿਆਲ ਸੀ ਕਿ ਕਿਤੇ ਰਾਜਧਾਨੀ ਨੇ ਸ਼ੇਰਨੀ ਨੂੰ ਖਤਮ ਹੀ ਨਾ ਕਰ ਦਿੱਤਾ ਹੋਵੇ।