ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਧੀ ਚੁੰਝ ਵਾਲੀ ਚਿੜੀ

3

ਉਸਦੇ ਸਰੀਰ ਦੇ ਹਾਵ-ਭਾਵ ਅਤੇ ਅੱਖਾਂ ਵਿਚ ਉਤਰੀ ਬੇਯਕੀਨੀ ਨੂੰ ਬੋਟ ਨੇ ਪੜ੍ਹ ਲਿਆ। ਉਹਨੂੰ ਇਸ ਗੱਲ ਦਾ ਡਰ ਸਤਾਉਣ ਲੱਗਾ ਕਿ ਉਸ ਨੂੰ ਹੁਣ ਹੋਰ ਉੱਡਣ ਲਈ ਕਿਹਾ ਜਾਏਗਾ।

ਜਿਸ ਦਰੱਖ਼ਤ 'ਤੇ ਉਹ ਦੋਵੇਂ ਜਣੇ ਬੈਠੇ ਸਨ ਉਹ ਸੰਘਣਾ ਅਤੇ ਪੁਰਾਣਾ ਸੀ ਪਰ ਸੀ ਬਿਲਕੁਲ ਅਲੱਗ ਥਲੱਗ। ਇਧਰ-ਓਧਰ ਜੋ ਵੀ ਹੋਰ ਰੁੱਖ ਸਨ ਉਹ ਸਭ ਨਿੱਕੇ, ਰੁੰਡ-ਮੁੰਡ ਜਾਂ ਨਿਸ਼ਾਨ ਜਿਹੇ ਸਨ।

ਚਿੜੀ ਨੇ ਆਪਣੀ ਪਹਿਲੀ ਫੇਰੀ ਸਮੇਂ ਇਹੋ ਜਿਹਾ ਮਾਹੌਲ ਨਹੀਂ ਸੀ ਦੇਖਿਆ।

ਚਿੜੀ ਦੀ ਪਰੇਸ਼ਾਨੀ ਉਸ ਦੇ ਬੱਚੇ ਨੂੰ ਦੁੱਖ ਦੇ ਰਹੀ ਸੀ। ਪਰ ਕੀਤਾ ਕੀ ਜਾਵੇ।

ਆਪਣੀ ਮਾਂ ਦੇ ਘਰ ਦੀ ਨਿਸ਼ਾਨਦੇਈ ਲਈ ਉਸ ਨੂੰ ਭੁਲੇਖਾ ਹੋਣ ਲੱਗਾ। ਆਪਣੇ ਜਨਮ ਸਥਾਨ ਨੂੰ ਪੱਕਾ ਕਰਨ ਲਈ ਉਸ ਨੂੰ ਦੂਜਿਆਂ ਤੋਂ ਪੁੱਛਣ ਦੀ ਲੋੜ ਮਹਿਸੂਸ ਹੋਣ ਲੱਗੀ।

ਹਿੰਮਤ ਕਰ ਕੇ ਉਸ ਨੇ ਆਸੇ-ਪਾਸਿਓਂ ਪੁੱਛ-ਗਿੱਛ ਕੀਤੀ। ਪਰ ਕਿਸੇ ਤੋਂ ਸਹੀ ਜਵਾਬ ਨਾ ਮਿਲਿਆ।

ਹਾਰ ਕੇ ਦੋਵੇਂ ਜਣੇ ਉਸ ਰੁੱਖ ਵੱਲ ਵਧੇ ਜਿਹੜਾ ਦਿਸਣ ਵਿਚ ਸੰਘਣਾ ਅਤੇ ਪੁਰਾਣਾ ਸੀ।

ਇਹੋ ਜਿਹੇ ਰੁੱਖ ਚਿੜੀ ਦੇ ਢਿੱਡ ਵਿਚ ਵਸੇ ਹੋਏ ਸਨ। ਉਸ ਥਾਂ ਪਹੁੰਚ ਉਸ ਨੂੰ ਜਾਣ-ਪਛਾਣ ਵਾਲੇ ਭਾਂਤ-ਸੁਭਾਂਤ, ਰੰਗ-ਰੂਪ ਅਤੇ ਆਕਾਰ ਵਾਲੇ ਪੰਛੀ ਦਿਖਾਈ ਦਿੱਤੇ।

ਨੇੜਲੀ ਡਾਲ੍ਹ 'ਤੇ ਬੈਠਾ ਚੱਕੀਰਾਹਾ ਰੁੱਖ ਦੀ ਚਮੜੀ ਨੂੰ ਟੁੱਕ ਆਪਣੇ ਲਈ ਕੀੜੇ-ਮਕੌੜੇ ਲੱਭ ਰਿਹਾ ਸੀ। ਤੋਤਾ ਕਿਸੇ ਫਲ ਨੂੰ ਖਾ-ਖਿੰਡਾ ਰਿਹਾ ਸੀ। ਕਬੂਤਰ ਦੀ ਧੌਣ ਧੁੱਪ-ਛਾਂ ਵਿਚ ਲਿਸ਼ਕ ਰਹੀ ਸੀ। ਹੋਰ ਚਿੜੀਆਂ ਫੁਦਕ-ਫੁਦਕ, ਚੀਂ-ਚੀਂ ਵਿਚ ਮਸਤ ਸਨ। ਕੋਇਲ ਦੀ ਵਿੰਨ੍ਹਵੀਂ ਕੂਕ ਵਿਚ ਰਸ ਵੀ ਸੀ ਅਤੇ ਦੁੱਖ ਵੀ।

ਸਾਰੇ ਮਾਹੌਲ ਨੇ ਚਿੜੀ ਨੂੰ ਸਥਿਰਤਾ ਦਿੱਤੀ। ਉਸ ਦੇ ਚਿੱਤ ਦੀ ਉਦਾਸੀ ਛਣ ਗਈ।

ਚਿੜੀ ਨੇ ਕਠਫੋੜੇ ਨਾਲ ਆਪਣੀ ਗੱਲ ਸਾਂਝੀ ਕੀਤੀ। ਪਲਾਂ-ਛਿਣਾਂ ਵਿਚ ਰੁੱਖ ਦੇ ਸਾਰੇ ਬਾਸ਼ਿੰਦੇ ਇਸ ਗੱਲਬਾਤ ਵਿਚ ਸ਼ਾਮਲ ਹੋ ਗਏ ਸਨ। ਕਈ ਮੂੰਹਾਂ ਤੋਂ ਸਾਂਝੀ ਹੋਈ ਜਾਣਕਾਰੀ ਨੇ ਚਿੜੀ ਨੂੰ ਰਾਹਤ ਦਿੱਤੀ। ਉਹ ਖੁਸ਼ ਸੀ