ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਜ਼ਕਾਤ ਦੇਣ ਨਾਲ ਮਾਲ ਵਧਦਾ ਹੈ ਅਤੇ ਵਿਆਜ ਲੈਣ ਨਾਲ ਮਾਲ ਘਟਦਾ ਹੈ। ਜਦੋਂ ਕਿ ਅਕਲ ਇਸ ਨੂੰ ਮੰਨਣ ਲਈ ਤਿਆਰ ਨਹੀਂ। ਜ਼ਕਾਤ ਦਿੱਤੇ ਮਾਲ ਨੂੰ ਨਾ ਅੱਗ ਸਾੜਦੀ ਅਤੇ ਨਾ ਚੋਰੀ ਹੁੰਦਾ ਹੈ। ਜ਼ਕਾਤ ਦਿੱਤਾ ਮਾਲ ਇਸ ਤਰ੍ਹਾਂ ਸਾਫ਼-ਸੁਥਰਾ ਹੋ ਜਾਂਦਾ ਜਿਵੇਂ ਧੋਤਾ ਹੋਇਆ ਕੱਪੜਾ। ਨਿਸ਼ਕਾਮ ਸੇਵਾ ਭਾਵਨਾ ਸਹਿਤ ਦਿੱਤੀ ਹੋਈ ਜ਼ਕਾਤ ਅਜਾਈਂ ਨਹੀਂ ਜਾਂਦੀ। ਕੁਰਆਨ ਮਜੀਦ ਵਿਚ ਰੱਬ ਦਾ ਫ਼ਰਮਾਨ ਹੈ:-

"ਜਿਹੜੇ ਲੋਕ ਸੋਨਾ ਚਾਂਦੀ (ਮਾਲ ਦੌਲਤ) ਜੋੜ ਕੇ ਰੱਖਦੇ ਹਨ ਅਤੇ ਉਸ ਨੂੰ ਰੱਬ ਦੇ ਰਾਹ ਵਿਚ ਖ਼ਰਚ ਨਹੀਂ ਕਰਦੇ (ਭਾਵ ਜੋ ਜ਼ਕਾਤ ਉਹਨਾਂ ’ਤੇ ਝਰਜ਼ ਹੈ। ਉਹ ਜ਼ਕਾਤ ਅਦਾ ਨਹੀਂ ਕਰਦੇ) ਐ ਨਬੀ! ਤੁਸੀਂ ਉਹਨਾਂ ਨੂੰ ਸਖ਼ਤ ਅਤੇ ਦਰਦਨਾਕ ਅਜ਼ਾਬ ਦੀ ਖ਼ਬਰ ਸੁਣਾ ਦੇਵੋ।"(ਸੂਰਤ ਅਤ-ਤੌਬਾ ਪੰਜਵਾਂ ਰੁਕੂਅ) ਇੱਕ ਥਾਂ ਹੋਰ ਇਰਸ਼ਾਦ ਹੈ:

ਜਿਹੜੇ ਲੋਕ ਅੱਲਾਹ ਦੇ ਰਾਹ ਵਿਚ ਆਪਣਾ ਮਾਲ ਖ਼ਰਚ ਕਰਦੇ ਹਨ ਉਹਨਾਂ ਦੇ ਉਸ ਮਾਲ ਖ਼ਰਚ ਕਰਨ ਦੀ ਮਿਸਾਲ ਇਕ ਦਾਣੇ ਵਾਂਗ ਹੈ ਜਿਸ ਤੋਂ ਪੌਦਾ ਉੱਗੇ ਅਤੇ ਉਸ ਤੋਂ ਸੱਤ ਬੱਲੀਆਂ ਨਿਕਲਣ ਅਤੇ ਹਰੇਕ ਬੱਲੀ ਵਿਚ ਸੌ ਸੌ ਦਾਣੇ ਹੋਣ ਅਤੇ ਜਿਸ ਨੂੰ ਚਾਹਵੇ ਅੱਲਾਹ ਵਧਾਉਂਦਾ ਹੈ। ਉਹ ਵੱਡੀ ਵੁਸਅਤ ਵਾਲਾ ਅਤੇ ਸਭ ਕੁਝ ਜਾਣਦਾ ਹੈ। ਜਿਹੜੇ ਲੋਕ ਰੱਬ ਦੀ ਰਾਹ ਵਿਚ ਆਪਣਾ ਮਾਲ ਖ਼ਰਚ ਕਰਦੇ ਹਨ ਫਿਰ ਨਾ ਉਹ ਅਹਿਸਾਨ ਕਰਦੇ ਹਨ ਅਤੇ ਨਾ ਦੁੱਖ-ਤਕਲੀਫ਼ ਦਿੰਦੇ ਹਨ, ਉਹਨਾਂ ਵਾਸਤੇ ਉਹਨਾਂ ਦੇ ਰੱਬ ਕੋਲ ਬਹੁਤ ਵੱਡਾ ਬਦਲਾ ਹੈ। ਕਿਆਮਤ ਵਾਲੇ ਦਿਨ ਨਾ ਉਹਨਾਂ ਨੂੰ ਕੋਈ ਡਰ ਹੋਵੇਗਾ ਅਤੇ ਨਾ ਉਹ ਗ਼ਮਗੀਨ ਹੋਣਗੇ।

(ਮੂਰਤ ਅਲ ਬਕਰਹ ਆਇਤ ਨੰ. 36)

ਹੱਜ

ਇਸਲਾਮ ਦਾ ਪੰਜਵਾਂ ਥੰਮ੍ਹ ਹੱਜ ਹੈ। ਰਿਵਾਇਤਾਂ ਅਨੁਸਾਰ ਅਕਾਸ਼ ਬਣਨ ਤੋਂ ਪਹਿਲਾਂ ਰੱਬੀ ਅਰਸ਼ ਪਾਣੀ 'ਤੇ ਸੀ। ਅੱਲਾਹ ਦੇ ਹੁਕਮ ਨਾਲ ਇਸ ਵਿਚ ਲਹਿਰਾਂ ਪੈਦਾ ਹੋਈਆਂ ਅਤੇ ਇੱਕ ਖ਼ਸ਼ਫ਼ਾ (ਆਬੀ ਬੋਟੀ, ਪਾਣੀ ਦਾ ਲੋਥੜਾ) ਜਿਹਾ ਉੱਪਰ ਨੂੰ ਉਭਰਿਆ। ਇਹੋ ਕਾਅਬੇ ਦੀ ਥਾਂ ਹੈ। ਮੱਕੇ ਦਾ 'ਬੂਕਬੀਸ' ਨਾਮੀਂ ਪਹਾੜ ਦੁਨੀਆ ਦਾ ਪਹਿਲਾ ਪਹਾੜ ਹੈ। ਰੱਬ ਨੇ ਉਸ ਨੂੰ ਪਵਿੱਤਰਤਾ ਬਖ਼ਸ਼ੀ ਹੈ। ਜਿਸ ਦਿਨ ਤੋਂ ਅੱਲਾਹ ਨੇ ਜ਼ਮੀਨ ਅਤੇ ਅਸਮਾਨ ਨੂੰ ਬਣਾਇਆ ਹੈ, ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਸਥਾਨ ਦੀ ਮਹਾਨਤਾ ਲਗਾਤਾਰ ਕਾਇਮ ਹੈ।

28-ਇਸਲਾਮ ਵਿਚ ਔਰਤ ਦਾ ਸਥਾਨ