ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਇਸ ਪਾਣੀ ਵਿਚ ਮੈਗਨੀਸ਼ੀਅਮ ਸਲਫ਼ੇਟ, ਸੋਡੀਅਮ, ਕੈਲਸ਼ੀਅਮ ਕਾਰਬੋਨੇਟ, ਸੋਡੀਅਮ ਕਲੋਰਾਈਡ, ਪੋਟਾਸ਼ੀਅਮ ਨਾਇਟਰੇਟ, ਹਾਈਡਰੋਜਨ ਸਲਫ਼ਾਈਟ ਆਦਿ ਪਾਏ ਜਾਂਦੇ ਹਨ।

ਤਵਾਫ਼ ਤੋਂ ਬਾਅਦ ਸਈ (ਸਫ਼ਾ ਮਰਵ੍ਹਾ ਪਹਾੜੀਆਂ ਵਿਚਕਾਰ ਸੱਤ ਚੱਕਰ ਲਾਉਣ ਦਾ ਭਾਵ) ਕੀਤੀ ਜਾਂਦੀ ਹੈ। ਨੀਯਤ ਇਸ ਤਰ੍ਹਾਂ ਕੀਤੀ ਜਾਂਦੀ ਹੈ:"ਐ ਅੱਲਾਹ! ਮੈਂ ਆਪ ਦੀ ਖ਼ੁਸ਼ੀ ਦੇ ਲਈ ਸਫ਼ਾ ਮਰਵ੍ਹਾ ਦੇ ਵਿਚਕਾਰ ਲਈ ਦੇ ਸੱਤ ਚੱਕਰਾਂ ਦੀ ਨੀਯਤ ਕਰਦਾ ਹਾਂ, ਇਸ ਨੂੰ ਮੇਰੇ ਲਈ ਅਸਾਨ ਫ਼ਰਮਾਉਣਾ ਅਤੇ ਕਬੂਲ ਫ਼ਰਮਾਉਣਾ। ਸਫ਼ਾ ਪਹਾੜੀ 'ਤੇ ਚੜ੍ਹ ਕੇ ਖ਼ਾਨਾ-ਕਾਅਬਾ ਵੱਲ ਮੂੰਹ ਕਰਕੇ ਉਪਰੋਕਤ ਨੀਯਤ ਕੀਤੀ ਜਾਂਦੀ ਹੈ। ਦਰੂਦ ਸ਼ਰੀਫ਼ ਪੜ ਕੇ ਖੜ੍ਹੇ-ਖੜ੍ਹੇ ਹੀ ਦੁਆ ਕੀਤੀ ਜਾਂਦੀ ਹੈ। ਸਫ਼ਾ ਤੋਂ ਮਰਵ੍ਹਾ ਰੱਬ ਦਾ ਜ਼ਿਕਰ ਕਰਦਿਆਂ ਚਲਿਆ ਜਾਂਦਾ ਹੈ। ਜਦੋਂ ਹਰੀਆਂ ਲਾਇਟਾਂ ਵਾਲੇ ਥਮਲੇ ਆ ਜਾਂਦੇ ਹਨ ਤਾਂ ਆਦਮੀ ਇਹਨਾਂ ਵਿਚਕਾਰ ਕੁਝ ਤੇਜ਼ ਦੌੜਦੇ ਹੋਏ ਗੁਜ਼ਰਦੇ ਹਨ। ਇਹਨਾਂ ਥਮਲਿਆਂ ਵਿਚਕਾਰ ਇਹ ਦੁਆ ਪੜ੍ਹੀ ਜਾਂਦੀ ਹੈ: "ਐ ਅੱਲਾਹ! ਮੇਰੇ ਗੁਨਾਹਾਂ ਨੂੰ ਮੁਆਫ਼ ਫ਼ਰਮਾ, ਰਹਿਮ ਫ਼ਰਮਾ, ਤੂੰ ਬਹੁਤ ਹੀ ਇੱਜ਼ਤ ਵਾਲਾ ਤੇ ਕਰਮ ਫ਼ਰਮਾਉਣ ਵਾਲਾ ਹੈ।"

ਜ਼ਿਕਰ ਕਰਦਿਆਂ ਮਰਵਾ ਪਹਾੜੀ 'ਤੇ ਪਹੁੰਚ ਕੇ ਤਿੰਨ ਵਾਰੀ ਅੱਲਾਹ ਅਕਬਰ (ਐ ਅੱਲਾਹ! ਤੂੰ ਸਭ ਤੋਂ ਵੱਡਾ ਹੈ) ਪੜ੍ਹਿਆ ਜਾਂਦਾ ਹੈ। ਚੌਥਾ ਕਲਮਾ ਅਤੇ ਦਰੂਦ ਸ਼ਰੀਫ਼ ਪੜ੍ਹ ਕੇ ਦੁਆ ਮੰਗੀ ਜਾਂਦੀ ਹੈ। ਇਸ ਤਰ੍ਹਾਂ ਮਰਵ੍ਹਾ ਤੋਂ ਸਫ਼ਾ ਵੱਲ ਚਲਿਆ ਜਾਂਦਾ ਹੈ। ਸਫ਼ਾ 'ਤੇ ਜਾ ਕੇ ਦੋ ਚੱਕਰ ਪੂਰੇ ਹੋ ਜਾਂਦੇ ਹਨ। ਇੰਝ ਕਰਦਿਆਂ ਸੱਤਵਾਂ ਚੱਕਰ ਮਰਵਾ ਤੇ ਆ ਕੇ ਪੂਰਾ ਹੋ ਜਾਂਦਾ ਹੈ। ਦੁਆ ਮੰਗਣ ਤੋਂ ਬਾਅਦ ਸਈ ਮੁਕੰਮਲ ਹੋ ਜਾਂਦੀ ਹੈ। ਸਈ ਪਿੱਛੋਂ ਬਾਹਰ ਨਿੱਕਲ ਕੇ ਨਾਈਆਂ ਦੀਆਂ ਦੁਕਾਨਾਂ 'ਤੇ ਜਾ ਕੇ ਆਪਣੇ ਵਾਲ ਕਟਵਾ ਜਾਂ ਮੁੰਨਵਾ ਲਏ ਜਾਂਦੇ ਹਨ। ਔਰਤਾਂ (ਸਿਰਫ਼ ਇੱਕ ਉਂਗਲੀ ਦੀ ਮੋਟਾਈ ਬਰਾਬਰ) ਸਿਰ ਦੇ ਕਿਸੇ ਹਿੱਸੇ ਚੋਂ ਆਪ ਜਾਂ ਕਿਸੇ ਹੋਰ ਔਰਤ ਤੋਂ ਵਾਲ ਕਟਵਾ ਲੈਂਦੀਆਂ ਹਨ। ਇਸ ਉਪਰੰਤ ਆਦਮੀ ਅਤੇ ਤੀਵੀਆਂ ਨਹਾ ਕੇ ਆਪਣੇ ਸੀਤੇ ਹੋਏ ਕੱਪੜੇ ਪਹਿਨ ਲੈਂਦੇ ਹਨ।

ਹੱਜ ਦੇ ਫ਼ਰਜ਼ ਇਸ ਪ੍ਰਕਾਰ ਹਨ:

(ਉ) ਦਿਲੋਂ ਨੀਯਤ ਕਰਕੇ ਤਲਬੀਆ (ਲੱਬੈਕ) ਅੰਤ ਤੱਕ ਪੜ੍ਹਨਾ, ਅਹਿਮ ਪਹਿਨਣਾ।

(ਅ) ਸੌ ਜ਼ਿਲਹਿੱਜਾ ਨੂੰ ਸੂਰਜ ਢਲਣ (ਦੁਪਹਿਰ ਤੋਂ ਬਾਅਦ) ਅਰਫ਼ਾਤ 'ਚ ਠਹਿਰਨਾ।

(ਏ) ਤਵਾਫ਼-ਏ-ਜ਼ਿਆਰਤ

37-ਇਸਲਾਮ ਵਿਚ ਔਰਤ ਦਾ ਸਥਾਨ