ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਇਆ ਜਾ ਸਕਦਾ ਹੈ। ਤਵਾਫ਼ ਅਤੇ ਸਈ ਕਰਕੇ ਫਿਰ ਮਿਨਾ 'ਚ ਆ ਕੇ ਦੁਪਹਿਰ ਤੋਂ ਬਾਅਦ ਤਿੰਨ ਛੋਟੇ, ਮੰਝਲੇ ਅਤੇ ਵੱਡੇ ਸ਼ੈਤਾਨਾਂ ਦੇ ਸੱਤ-ਸੱਤ ਕੰਕਰੀਆਂ ਮਾਰੀਆਂ ਜਾਂਦੀਆਂ ਹਨ ਤੇ ਫਿਰ ਰਾਤ ਇਥੇ ਮਿਨਾ 'ਚ ਹੀ ਗੁਜ਼ਾਰੀ ਜਾਂਦੀ ਹੈ। ਬਾਰਾਂ ਜ਼ਿਲਹਿੱਜਾ ਨੂੰ ਦੁਪਹਿਰ ਤੋਂ ਬਾਅਦ ਤਿੰਨੇ ਸ਼ੈਤਾਨ ਦੇ ਪਹਿਲੇ ਦਿਨ ਵਾਂਗ ਤਰਤੀਬਵਾਰ ਸੱਤ ਸੱਤ ਕੰਕਰੀਆਂ ਮਾਰ ਕੇ ਮੱਕਾ ਸ਼ਰੀਫ਼ ਵੱਲ ਮੋੜਾ ਪਾ ਲਿਆ ਜਾਂਦਾ ਹੈ। ਇਸ ਰਸਮ ਉਪਰੰਤ ਹੱਜ ਦਾ ਫ਼ਰਜ਼ ਪੂਰਾ ਹੋ ਜਾਂਦਾ ਹੈ।

ਮਦੀਨਾ ਸ਼ਰੀਫ਼ ਜਾਣ ਤੋਂ ਪਹਿਲਾਂ ਤਵਾਫ਼-ਏ-ਵਿਦਾ ਕੀਤਾ ਜਾਂਦਾ ਹੈ। ਬਸ ਇਹ ਖ਼ਾਨਾ-ਕਾਅਬਾ 'ਚ ਇਸ ਸਫ਼ਰ ਦੀਆਂ ਆਖ਼ਰੀ ਪੈੜਾਂ ਹੁੰਦੀਆਂ ਹਨ, ਆਖ਼ਰੀ ਦੀਦਾਰ ਹੁੰਦਾ ਹੈ। ਇਸ ਪਿੱਛੋਂ ਹਾਜੀਆਂ ਨੂੰ ਮਦੀਨਾ ਸ਼ਰੀਫ਼ ਜੋ ਮੱਕੇ ਤੋਂ 435 ਕਿਲੋਮੀਟਰ ਦੂਰ ਹੈ, ਪਹੁੰਚਾ ਦਿੱਤਾ ਜਾਂਦਾ ਹੈ। ਮਦੀਨਾ ਪਹੁੰਚਦਿਆਂ ਰਸਤੇ ਚ ਥਾਂ-ਥਾਂ ਹਾਜੀਆਂ ਨੂੰ ਤੋਹਫ਼ੇ-ਸੌਗਾਤਾਂ ਦੇ ਕੇ ਨਿੱਘਾ ਸੁਆਗਤ ਕੀਤਾ ਜਾਂਦਾ ਹੈ। ਮਦੀਨੇ ਪਹੁੰਚ ਕੇ ਸਭ ਤੋਂ ਪਹਿਲਾਂ ਮਸਜਿਦ-ਏ-ਨਬਵੀ ਵਿਖੇ ਜੋ ਅਕਤੂਬਰ 622 ਈ. ਨੂੰ ਹਜ਼ਰਤ ਮੁਹੰਮਦ (ਸ.) ਨੇ ਤਾਮੀਰ ਕਰਵਾਈ ਸੀ, ਜਾਇਆ ਜਾਂਦਾ ਹੈ। ਨਮਾਜ਼ ਦਾ ਸਮਾਂ ਹੋਵੇ ਤਾਂ ਨਮਾਜ਼ ਪੜ੍ਹ ਲਈ ਜਾਂਦੀ ਹੈ ਵਰਨਾ ਸ਼ੁਕਰਾਨੇ ਵਜੋਂ ਦੋ ਨਫ਼ਲ ਪੜ੍ਹ ਲਏ ਜਾਂਦੇ ਹਨ। ਇਸ ਪਿੱਛੋਂ ਹਜ਼ਰਤ ਮੁਹੰਮਦ (ਸ.) ਦੇ ਰੌਜ਼ੇ 'ਤੇ ਜਾ ਕੇ ਦੁਆ ਅਤੇ ਸਲਾਮ ਆਖਿਆ ਜਾਂਦਾ ਹੈ, ਜੋ ਇਸ ਪ੍ਰਕਾਰ ਹੈ:

ਅੱਸਲਾਤੂ ਵੱਸਲਾਮੁ ਅਲੈਕਾ ਯਾ ਰਸੂਲ ਅੱਲਾਹ
ਅੱਸਲਾਤੂ ਵੱਸਲਾਮੁ ਅਲੈਕਾ ਯਾ ਨਬੀ ਅੱਲਾਹ
ਅੱਸਲਾਤੂ ਵੱਸਲਾਮੁ ਅਲੈਕਾ ਯਾ ਹਬੀਬ ਅੱਲਾਹ

(ਅਰਥਾਤ ਸਲਾਮ ਅਤੇ ਦਰੂਦ ਹੋਵੇ ਅੱਲਾਹ ਦੇ ਰਸੂਲ 'ਤੇ, ਸਲਾਮ ਅਤੇ ਦਰੂਦ ਹੋਵੇ ਅੱਲਾਹ ਦੇ ਨਬੀ 'ਤੇ, ਸਲਾਮ ਅਤੇ ਦਰੂਦ ਹੋਵੇ ਅੱਲਾਹ ਦੇ ਪਿਆਰੇ ਦੋਸਤ 'ਤੇ)

ਆਪ (ਸ.) ਦੀ ਕਬਰ ਦੇ ਬਿਲਕੁਲ ਨਾਲ ਹੀ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਦੀ ਕਬਰ ਹੈ ਅਤੇ ਹਜ਼ਰਤ ਉਮਰ (ਰਜ਼ੀ.) ਦੀ ਕਬਰ ਵੀ ਇਹਨਾਂ ਦੇ ਨਾਲ ਹੈ। ਇੱਥੇ ਵੀ ਪਹਿਲਾਂ ਵਾਂਗ ਇਹਨਾਂ ਦਾ ਨਾਂ ਲੈ ਕੇ ਸਲਾਮ ਅਤੇ ਦਰੂਦ ਪੇਸ਼ ਕੀਤਾ ਜਾਂਦਾ ਹੈ। ਇੱਥੇ ਕਬਰਾਂ ਦੇ ਨੇੜੇ ਲੱਗੀ ਜਾਲੀ ਨੂੰ ਹੱਥ ਲਾਉਣ ਅਤੇ ਹੱਥ ਚੁੱਕ ਕੇ ਦੁਆ ਮੰਗਣ ਦੀ ਮਨਾਹੀ ਹੈ। ਜਿੱਥੇ ਇਹ ਤਿੰਨੋਂ ਕਬਰਾਂ ਹਨ ਇਹ ਹਜ਼ਰਤ ਮੁਹੰਮਦ (ਸ.) ਦਾ ਆਪਣਾ ਘਰ ਸੀ ਜੋ ਪੁਰਾਣੀ ਮਸਜਿਦ-ਏਨਬਵੀ ਦੇ ਬਿਲਕੁਲ ਨਾਲ ਸੀ। ਹਰਾ ਗੁੰਬਦ ਜੋ ਹਜ਼ਰਤ ਮੁਹੰਮਦ (ਸ.) ਦੀ ਕਬਰ ਤੇ ਬਣਿਆ ਹੋਇਆ ਹੈ ਮਸਜਿਦ-ਏ-ਨਬਵੀ ਦੀ ਖ਼ੂਬਸੂਰਤੀ 'ਚ ਵਾਧਾ ਕਰਦਾ

40-ਇਸਲਾਮ ਵਿਚ ਔਰਤ ਦਾ ਸਥਾਨ