ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹਾਦ ਦਾ ਤਸੱਵਰ ਆਮ ਜੰਗਾਂ ਨਾਲ ਮੇਲ ਨਹੀਂ ਖਾਂਦਾ। ਮੁਜਾਹਿਦ ਨਿੱਜੀ ਹਿੱਤ ਜਿਵੇਂ ਮੁਲਕ, ਮਾਲ, ਚੌਧਰ ਨਹੀਂ ਚਾਹੁੰਦਾ। ਇਸਲਾਮ ਨੇ ਅਜਿਹੇ ਜਿਹਾਦ ਨੂੰ ਜੋ ਨਿੱਜੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜਿਹਾਦ ਕਰਦਾ ਹੈ ਉਸ ਨੂੰ ਸ਼ੈਤਾਨੀ ਜੰਗ ਆਖਿਆ ਹੈ। ਜਿਹਾਦ ਦੇ ਨਿਯਮਾਂ ਦੀ ਪਾਲਣਾ ਮੁਜਾਹਿਦ ਲਈ ਅਤਿ ਜ਼ਰੂਰੀ ਹੈ।

ਇਕ ਵਾਰੀ ਹਜ਼ਰਤ ਮੁਹੰਮਦ (ਸ.) ਦੀ ਸੇਵਾ ਵਿਚ ਇਕ ਆਦਮੀ ਹਾਜ਼ਿਰ ਹੋਇਆ ਅਤੇ ਪੁੱਛਿਆ ਕਿ ਕੋਈ ਮਾਲ-ਏ-ਗ਼ਨੀਮਤ ਪ੍ਰਾਪਤ ਕਰਨ ਲਈ ਜੰਗ ਕਰਦਾ ਹੈ, ਕੋਈ ਸ਼ਹਿਰ ਹਾਸਿਲ ਕਰਨ ਲਈ ਜੰਗ ਕਰਦਾ ਹੈ, ਕੋਈ ਆਪਣੀ ਬਹਾਦੁਰੀ ਵਿਖਾਉਣ ਲਈ ਜੰਗ ਕਰਦਾ ਹੈ? ਆਪ ਨੇ ਫ਼ਰਮਾਇਆ ਕਿ ਜਿਹਾਦ ਤਾਂ ਕੇਵਲ ਫ਼ੀ ਸਬੀਲਿੱਲਾਹ ਅਰਥਾਤ 'ਜੋ ਰੱਬ ਲਈ ਹੀ ਲੜਿਆ ਜਾਵੇ' ਮੁਜਾਹਿਦ ਸਿਰਫ਼ ਉਹ ਮਨੁੱਖ ਹੈ ਜੋ ਰੱਬ ਦਾ ਬੋਲ ਬਾਲਾ ਕਰਨ ਲਈ ਹੀ ਲੜਦਾ ਹੈ।

ਹਜ਼ਰਤ ਮੁਆਜ਼ ਬਿਨ ਜਬਲ (ਰ.) ਦੀ ਇਕ ਰਵਾਇਤ 'ਚ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਇਰਸ਼ਾਦ ਫ਼ਰਮਾਇਆ:- "ਲੜਾਈ ਦੋ ਪ੍ਰਕਾਰ ਦੀ ਹੈ ਜਿਸ ਆਦਮੀ ਨੇ ਨਿਸ਼ਕਾਮ ਸੇਵਾ ਭਾਵਨਾ ਹਿੱਤ-ਲੜਾਈ ਕੀਤੀ, ਇਮਾਮ ਦੀ ਆਗਿਆਕਾਰੀ ਕੀਤੀ, ਆਪਣਾ ਸੱਭ ਤੋਂ ਵਧੀਆ ਮਾਲ ਖ਼ਰਚ ਕੀਤਾ, ਲੜਾਈ-ਝਗੜੇ (ਖੂਨ-ਖ਼ਰਾਬੇ) ਤੋਂ ਸੰਕੋਚ ਕੀਤਾ ਤਾਂ ਉਸ ਦਾ ਸੌਣਾ-ਜਾਗਣਾ ਨੇਕੀਆਂ ਦਾ ਸਬੱਬ ਹੈ। ਜਿਸ ਨੇ ਦੁਨੀਆ ਦੇ ਵਿਖਾਵੇ-ਸ਼ੋਹਰਤ ਲਈ ਜੰਗ ਲੜੀ, ਆਪਣੇ ਆਗੂ (ਇਮਾਮ) ਦਾ ਕਿਹਾ ਨਹੀਂ ਮੰਨਿਆ, ਧਰਤੀ ਤੇ ਦੰਗੇ-ਫ਼ਸਾਦ ਫੈਲਾਏ ਤਾਂ ਉਹ ਬਰਾਬਰ ਨਹੀਂ ਪਰਤੇਗਾ ਅਰਥਾਤ ਅਜ਼ਾਬ ਦਾ ਪਾਤਰ ਬਣੇਗਾ।

ਇਹਨਾਂ ਉਪਰੋਕਤ ਹਦੀਸਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਦੁਨੀਆ ਦੇ ਲੋਭ ਲਾਲਚ ਲਈ ਇਸਲਾਮ ਵਿਚ ਕੋਈ ਗੁੰਜਾਇਸ਼ ਨਹੀਂ ਜਿਵੇਂ ਅਜੋਕੇ ਦੌਰ ਵਿਚ ਆਪਣੀ ਚੌਧਰ ਜਮਾਈ ਰੱਖਣ ਲਈ ਇਕ ਦੂਜੇ ਮੁਲਕ 'ਤੇ ਹਮਲੇ ਕੀਤੇ ਜਾਂਦੇ ਹਨ। ਲੱਖਾਂ ਬੇਗੁਨਾਹਾਂ ਦੀਆਂ ਜਾਨਾਂ ਖ਼ਤਮ ਕੀਤੀਆ ਜਾਂਦੀਆਂ ਹਨ। ਹਦੀਸ ਵਿਚ ਆਇਆ ਹੈ "ਰੱਬ ਅਜਿਹਾ ਕਰਮ ਉਸ ਵੇਲੇ ਤਕ ਕਬੂਲ ਨਹੀਂ ਕਰਦਾ ਜਦੋਂ ਤਕ ਉਹ ਕੰਮ ਸਿਰਫ਼ ਰੱਬ ਲਈ ਨਾ ਕੀਤਾ ਗਿਆ ਹੋਵੇ। ਇਸ ਲਈ ਇਹ ਸੰਭਵ ਨਹੀਂ ਕਿ ਧਰਤੀ ਤੇ ਦੰਗੇ-ਫ਼ਸਾਦ, ਜ਼ੁਲਮ ਜ਼ਿਆਦਤੀ ਦਾ ਖ਼ਾਤਮਾ ਹੋਵੇ ਅਤੇ ਅਮਨ ਅਮਾਨ ਭਾਈਚਾਰਾ ਕਾਇਮ ਹੋਵੇ। ਹਜ਼ਰਤ ਮੁਹੰਮਦ (ਸ.) ਆਪ ਲੜਾਈ ਝਗੜੇ

44-ਇਸਲਾਮ ਵਿਚ ਔਰਤ ਦਾ ਸਥਾਨ