ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਮਰਦਾਂ ਦੇ ਅਧਿਕਾਰ) ਔਰਤਾਂ 'ਤੇ ਹਨ ਭਾਵੇਂ ਮਰਦਾਂ ਨੂੰ ਔਰਤਾਂ ਉੱਤੇ ਫ਼ਜ਼ੀਲਡ ਹਾਸਿਲ ਹੈ ਅਤੇ ਅੱਲਾਹ ਜ਼ੋਰਾਵਰ (ਅਤੇ) ਹਿਕਮਤਾਂ ਵਾਲਾ ਹੈ। (228)

ਤਲਾਕ (ਸਿਰਫ਼) ਦੋ ਵਾਰੀ ਹੈ (ਭਾਵ ਜਦੋਂ ਦੋ ਤਲਾਕਾਂ ਦੇ ਦਿੱਤੀਆਂ ਜਾਣ ਤਾਂ) ਫਿਰ ਜਾਂ ਤਾਂ (ਬੀਵੀਆਂ ਨੂੰ) ਸੁਚੱਜੇ ਢੰਗ ਨਾਲ ਨਿਕਾਹ ਵਿਚ ਰਹਿਣ ਦਿੱਤਾ ਜਾਵੇ ਜਾਂ ਉਚਿਤ ਢੰਗ ਨਾਲ ਛੱਡ ਦਿੱਤਾ ਜਾਵੇ। ਅਤੇ ਇਹ ਜਾਇਜ਼ ਨਹੀਂ ਕਿ ਜਿਹੜਾ ਮਹਿਰ ਤੁਸੀਂ ਉਹਨਾਂ ਨੂੰ ਦੇ ਚੁੱਕੇ ਹੋ, ਉਸ ਵਿਚੋਂ ਕੁੱਝ ਵਾਪਸ ਲੈ ਲਓ, ਹਾਂ ਜੇਕਰ ਪਤੀ ਪਤਨੀ ਨੂੰ ਡਰ ਹੋਵੇ ਕਿ ਉਹ ਅੱਲਾਹ ਦੀਆਂ ਹੱਦਾਂ ਨੂੰ ਕਾਇਮ ਨਹੀਂ ਰੱਖ ਸਕਣਗੇ, ਤਾਂ ਜੇ ਪਤਨੀ (ਪਤੀ ਦੇ ਹੱਥੋਂ) ਰਿਹਾਈ ਪਾਉਣ ਦੇ ਬਦਲੇ, ਕੁਝ ਦੇ ਦੇਵੇ ਤਾਂ ਦੋਵਾਂ ਲਈ ਕੋਈ ਗੁਨਾਹ ਨਹੀਂ, ਇਹ ਅੱਲਾਹ ਦੀਆਂ ਨਿਸ਼ਚਿਤ ਕੀਤੀਆਂ ਹੋਈਆਂ ਹੱਦਾਂ ਹਨ, ਇਹਨਾਂ ਦੀ ਉਲੰਘਣਾ ਨਾ ਕਰਨਾ ਅਤੇ ਜਿਹੜੇ ਅੱਲਾਹ ਦੀਆਂ ਹੱਦਾਂ ਦੀ ਉਲੰਘਣਾ ਕਰਨਗੇ, ਉਹੀ ਗੁਨਾਹਗਾਰ ਹੋਣਗੇ। (229)

ਫਿਰ ਜੇ ਪਤੀ (ਦੋ ਤਲਾਕਾਂ ਤੋਂ ਬਾਅਦ ਤੀਸਰੀ) ਤਲਾਕ ਔਰਤ ਨੂੰ ਦੇ ਦੇਵੇ ਤਾਂ ਉਸ ਤੋਂ ਬਾਅਦ ਜਦੋਂ ਤੱਕ ਔਰਤ ਕਿਸੇ ਦੂਜੇ ਆਦਮੀ ਨਾਲ ਨਿਕਾਹ ਨਾ ਕਰ ਲਵੇ, ਉਹ (ਪਹਿਲੇ ਪਤੀ) ਵਾਸਤੇ ਜਾਇਜ਼ ਨਹੀਂ ਹੋਵੇਗੀ, ਹਾਂ ਜੇ ਦੂਸਰਾ ਪਤੀ ਵੀ ਤਲਾਕ ਦੇ ਦੇਵੇ, ਅਤੇ ਔਰਤ ਅਤੇ ਪਹਿਲਾ ਆਦਮੀ ਫਿਰ ਇਕ ਦੂਜੇ ਵੱਲ ਪਰਤ ਆਉਣ ਤਾਂ ਉਹਨਾਂ ਲਈ ਕੋਈ ਗੁਨਾਹ ਨਹੀਂ, ਸ਼ਰਤ ਇਹ ਹੈ ਕਿ ਦੋਵੇਂ ਪੱਕਾ ਇਰਾਦਾ ਕਰਨ ਕਿ ਅੱਲਾਹ ਦੁਆਰਾ ਨਿਰਧਾਰਤ ਹੱਦਾਂ ਨੂੰ ਨਹੀਂ ਤੋੜਨਗੇ। ਅਤੇ ਇਹ ਅੱਲਾਹ ਦੁਆਰਾ ਨਿਸ਼ਚਿਤ ਹੋਈਆਂ ਕੀਤੀਆਂ ਹੱਦਾਂ ਹਨ, ਉਹ ਇਹਨਾਂ ਨੂੰ ਉਹਨਾਂ ਲੋਕਾਂ ਲਈ ਬਿਆਨ ਫ਼ਰਮਾ ਰਿਹਾ ਹੈ, ਜਿਹੜੇ ਸੂਝਵਾਨ ਹਨ। (230)

ਅਤੇ ਜਦੋਂ ਤੁਸੀਂ ਆਪਣੀਆਂ ਜ਼ਨਾਨੀਆਂ ਜਾਂ ਔਰਤਾਂ ਨੂੰ (ਦੋ ਵਾਰੀ) ਤਲਾਕ ਦੇ ਦੇਵੋ ਅਤੇ ਉਹਨਾਂ ਦੀ ਇੱਦਤ ਪੂਰੀ ਹੋ ਜਾਵੇ ਤਾਂ ਉਹਨਾਂ ਨੂੰ ਜਾਂ ਤਾਂ ਵਧੀਆ ਵਤੀਰੇ ਨਾਲ ਨਿਕਾਹ ਵਿੱਚ ਰਹਿਣ ਦੇਵੋ ਜਾਂ ਸੁਚੱਜੇ ਤਰੀਕੇ ਨਾਲ ਵਿਦਾਅਕਰ ਦੇਵੋ ਤੇ ਇਸ ਇਰਾਦੇ ਨਾਲ ਉਹਨਾਂ ਨੂੰ ਨਿਕਾਹ ਵਿਚ ਨਾ ਰੱਖੋ ਕਿ ਉਹਨਾਂ ਨੂੰ ਤਕਲੀਫ਼ ਦੇਵੋ ਤੇ ਉਹਨਾਂ 'ਤੇ ਵਧੀਕੀ ਕਰੋ, ਅਤੇ ਜਿਹੜਾ ਅਜਿਹਾ ਕਰੇਗਾ, ਉਹ ਆਪਣਾ ਹੀ ਨੁਕਸਾਨ ਕਰੇਗਾ। ਅਤੇ ਅੱਲਾਹ ਦੇ ਆਦੇਸ਼ਾਂ ਨੂੰ ਹਾਸਾ ਮਜ਼ਾਕ ਨਾ ਬਣਾਓ, ਤੇ ਅੱਲਾਹ ਨੇ ਜਿਹੜੀਆਂ ਨਿਅਮਤਾਂ ਤੁਹਾਨੂੰ ਬਖ਼ਸ਼ੀਆਂ ਹਨ ਤੇ ਤੁਹਾਡੇ 'ਤੇ ਜਿਹੜੀ ਕਿਤਾਬ ਤੇ ਸਿਆਣਪ ਦੀਆਂ ਗੱਲਾਂ ਉਤਾਰੀਆਂ ਹਨ, ਜਿਹਨਾਂ ਵਿੱਚ ਉਹ ਤੁਹਾਨੂੰ ਨਸੀਹਤ ਫ਼ਰਮਾਉਂਦਾ ਹੈ, ਉਹਨਾਂ ਨੂੰ ਯਾਦ ਕਰੋ ਤੇ ਰੱਬ ਤੋਂ ਡਰਦੇ ਰਹੋ ਤੇ ਇਹ ਯਾਦ ਰੱਖੋ ਕਿ ਅੱਲਾਹ ਹਰ ਚੀਜ਼ ਦਾ ਜਾਣਕਾਰ ਹੈ।(231)

57-ਇਸਲਾਮ ਵਿਚ ਔਰਤ ਦਾ ਸਥਾਨ