ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਈਮਾਨ ਵਾਲੇ ਤਾਂ ਉਹੀ ਹਨ, ਜਿਹੜੇ ਅੱਲਾਹ ਪਾਕ ਤੇ ਅਤੇ ਉਸ ਦੇ ਰਸੂਲ ਤੇ ਈਮਾਨ ਲਿਆਏ ਅਤੇ ਜਦੋਂ ਕਦੀ ਅਜਿਹੇ ਕੰਮ ਲਈ, ਜਿਹੜਾ ਇਕੱਠੇ ਹੋ ਕੇ ਕਰਨ ਦਾ ਹੋਵੇ, ਅੱਲਾਹ ਦੇ ਪੈਗ਼ੰਬਰ ਕੋਲ ਇਕੱਠੇ ਹੋਣ, ਤਾਂ ਉਹਨਾਂ ਤੋਂ ਆਗਿਆ ਮੰਗੇ ਬਗੈਰ ਨਹੀਂ ਜਾਂਦੇ। ਐ ਪੈਗ਼ੰਬਰ! ਜਿਹੜੇ ਲੋਕ ਤੁਹਾਥੋਂ ਇਜਾਜ਼ਤ ਮੰਗਦੇ ਹਨ, ਉਹੀ ਅੱਲਾਹ 'ਤੇ ਅਤੇ ਉਸ ਦੇ ਰਸੂਲ 'ਤੇ ਈਮਾਨ ਰਖਦੇ ਹਨ। ਸੋ ਜਦੋਂ ਇਹ ਲੋਕ ਤੁਹਾਥੋਂ ਕਿਸੇ ਕੰਮ ਦੇ ਲਈ ਆਗਿਆ ਮੰਗਿਆ ਕਰਨ, ਤਾਂ ਉਹਨਾਂ ਵਿੱਚੋਂ ਜਿਸ ਨੂੰ ਚਾਹੋ, ਆਗਿਆ ਦੇ ਦਿਆ ਕਰੋ, ਅਤੇ ਉਹਨਾਂ ਦੇ ਲਈ ਅੱਲਾਹ ਤਆਲਾ ਤੋਂ ਬਖ਼ਸ਼ਿਸ਼ ਮੰਗਿਆ ਕਰੋ। ਕੋਈ ਸ਼ੱਕ ਨਹੀਂ ਕਿ ਅੱਲਾਹ ਬਖਸ਼ਣ ਵਾਲਾ ਅਤੇ ਰਹਿਮ ਫ਼ਰਮਾਉਣ ਵਾਲਾ ਏ। (62)

ਐ ਈਮਾਨ ਵਾਲਿਓ! ਪੈਗ਼ੰਬਰ ਦੇ ਬੁਲਾਉਣ ਨੂੰ ਇਸ ਤਰ੍ਹਾਂ ਖ਼ਿਆਲ ਨਾ ਕਰਨਾ ਜਿਵੇਂ ਤੁਸੀਂ ਆਪਸ ਵਿਚ ਇੱਕ ਦੂਜੇ ਨੂੰ ਸੱਦਦੇ ਹੋ। ਬੇਸ਼ੱਕ ਅੱਲਾਹ ਨੂੰ ਇਹਨਾਂ ਲੋਕਾਂ ਬਾਰੇ ਪਤਾ ਹੈ। ਜਿਹੜੇ ਤੁਹਾਡੇ ਵਿੱਚੋਂ ਕੰਨੀ ਕਤਰਾ ਕੇ ਚਲੇ ਜਾਂਦੇ ਹਨ ਤਾਂ ਜਿਹੜੇ ਲੋਕ ਉਹਨਾਂ ਦੇ ਹੁਕਮ ਦੀ ਵਿਰੋਧਤਾ ਕਰਦੇ ਹਨ, ਉਹਨਾਂ ਨੂੰ ਡਰਨਾ ਚਾਹੀਦਾ ਹੈ ਕਿ (ਅਜਿਹਾ ਨਾ ਹੋਵੇ ਕਿ) ਉਹਨਾਂ ਤੇ ਕੋਈ ਭੀੜੀ ਪੈ ਜਾਵੇ, ਜਾਂ ਕਸ਼ਟ ਦੇਣ ਵਾਲਾ ਅਜ਼ਾਬ ਆ ਜਾਵੇ। (63) ਵੇਖੋ ਜੋ ਕੁਝ ਅਸਮਾਨਾਂ ਅਤੇ ਜ਼ਮੀਨ ਵਿੱਚ ਹੈ, ਸਾਰਾ ਅੱਲਾਹ ਦਾ ਹੀ ਹੈ। ਜਿਸ (ਢੰਗ) 'ਤੇ ਤੁਸੀਂ ਹੋ, ਉਹ ਉਸ ਨੂੰ ਜਾਣਦਾ ਹੈ। ਅਤੇ ਜਿਸ ਦਿਹਾੜੇ ਲੋਕ ਉਸ ਦੇ ਵੱਲ ਵਾਪਸ ਪਰਤਾਏ ਜਾਣਗੇ ਤਾਂ ਜੋ ਕਰਮ ਉਹ (ਲੋਕ ਕਰਦੇ ਰਹੇ, ਉਹ ਉਹਨਾਂ ਨੂੰ ਦੱਸ ਦੇਵੇਗਾ, ਅਤੇ ਅੱਲਾਹ ਹਰ ਸ਼ੈਅ ਨੂੰ ਜਾਨਣਵਾਲਾ ਹੈ।(64)(ਸੂਰਤ ਅਲ ਨੂਰ 62-64)

ਅਤੇ ਉਹੀ ਤਾਂ ਹੈ, ਜਿਸ ਨੇ, ਪਾਣੀ ਤੋਂ ਮਨੁੱਖ ਨੂੰ ਪੈਦਾ ਕੀਤਾ, ਫਿਰ ਉਸਨੂੰ ਔਲਾਦ ਵਾਲਾ ਅਤੇ ਸਹੁਰੇ ਸਾਕ ਸਬੰਧੀਆਂ ਵਾਲਾ ਬਣਾਇਆ ਤੇ ਤੁਹਾਡਾ ਪਾਲਣਹਾਰ (ਹਰ ਪ੍ਰਕਾਰ ਦੀ) ਕੁਦਰਤ ਰਖਦਾ ਹੈ।(54)

(ਸੂਰਤ ਅਲ-ਫੁਰਕਾਨ 54)

ਅਤੇ ਅੱਲਾਹ ਦੇ ਬੰਦੇ ਤਾਂ ਉਹ ਹਨ, ਜਿਹੜੇ ਧਰਤੀ ਤੇ ਧੀਮੇ-ਧੀਮੇ ਚੱਲਦੇ ਹਨ ਅਤੇ ਜਦੋਂ ਅਨਪੜ੍ਹ ਲੋਕ ਉਹਨਾਂ ਨਾਲ (ਅਨਪੜ੍ਹਤਾ ਦੀ) ਗੱਲਬਾਤ ਕਰਦੇ ਹਨ ਤਾਂ ਸਲਾਮ ਆਖਦੇ ਹਨ (63) ਅਤੇ ਜਿਹੜੇ ਆਪਣੇ ਪਾਲਣਹਾਰ ਦੇ ਅੱਗੇ ਸੀਸ ਨਿਵਾ ਕੇ ਅਤੇ (ਨਿਮਰਤਾ ਅਤੇ ਸਤਿਕਾਰ ਨਾਲ) ਖੜੇ ਹੋ ਕੇ ਰਾਤਾਂ ਗੁਜ਼ਾਰ ਦਿੰਦੇ ਹਨ (64) ਅਤੇ ਉਹ ਜੋ ਦੁਆ ਮੰਗਦੇ ਹਨ ਕਿ, 'ਐ ਸਾਡੇ ਰੱਬ! ਦੋਜ਼ਖ਼ ਦੇ ਅਜ਼ਾਬ ਤੋਂ ਸਾਨੂੰ ਦੂਰ ਰੱਖਣਾ, ਕਿ ਉਸ ਦਾ ਅਜ਼ਾਬ ਬਹੁਤ ਦੁਖਦਾਇਕ ਚੀਜ਼ ਹੈ (65) (ਅਤੇ) ਦੋਜ਼ਖ਼ ਠਹਿਰਨ ਅਤੇ ਟਿਕਣ ਵਾਲੀ ਬਹੁਤ ਭੈੜੀ ਥਾਂ ਹੈ।

81-ਇਸਲਾਮ ਵਿਚ ਔਰਤ ਦਾ ਸਥਾਨ