ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/79

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਾਹਨ ਸਿੰਘ ਨੇ ਇਜ਼ਤ ਬਚਾਉਣ ਲਈ ਕਈ ਕੋਸ਼ਸ਼ਾਂ ਕੀਤੀਆਂ। ਕਾਕੇ ਨੇ ਪਰਤਾਪੀ ਨੂੰ ਕਿਧਰੇ ਹੋਰ ਲੁਕੋ ਦਿੱਤਾ:

ਰਾਮ ਰਤਨ ਨੇ ਪੁਲਸ ਚੜ੍ਹਾਈ
ਕਾਕੇ ਨੇ ਗਲ ਤਾੜੀ।
ਆਪਣੇ ਘਰ ਤੋਂ ਕਢ ਪਰਤਾਪੀ
ਘਰ ਹੋਰ ਦੇ ਬਾੜੀ।
ਆਣ ਪੁਲਸ ਨੇ ਫੜਿਆ ਕਾਕਾ
ਮੋਹਰ ਛਾਪ ਦਰ ਚਾਹੜੀ।
ਕੁਲ ਕੋੜਮਾਂ ਰੋਂਦਾ
ਬੈਠਾ ਕਿਸਮਤ ਸਾਡੀ ਮਾੜੀ।
ਥਾਣੇਦਾਰ ਤਲਾਸ਼ੀ ਕਰਦਾ
ਦੁਸ਼ਮਣ ਮਾਰਨ ਤਾੜੀ।
ਰੁਲਦੀ ਵਿੱਚ ਸੱਥ ਦੇ
ਜ਼ੈਲਦਾਰ ਦੀ ਦਾਹੜੀ।

(ਛੱਜੂ ਸਿੰਘ)

ਚਾਂਦੀ ਦੇ ਛਣਕਦੇ ਰੁਪਿਆਂ ਨਾਲ ਜ਼ੈਲਦਾਰ ਦੀ ਇਜ਼ਤ ਬਚਾ ਲਈ ਗਈ। ਪਰਤਾਪੀ ਬਰਾਮਦ ਨਾ ਹੋ ਸਕੀ। ਰਾਮ ਰਤਨ ਸਬਰ ਦਾ ਘੁੱਟ ਭਰ ਕੇ ਬਹਿ ਗਿਆ।

ਕਾਕਾ ਕਿਰਪਾਲ ਸਿੰਘ ਦੇ ਮਾਪੇ ਆਪਣੀ ਬਹੁਤ ਬੇ-ਇਜ਼ਤੀ ਸਮਝਦੇ ਸਨ, ਉਨ੍ਹਾਂ ਕਿਰਪਾਲ ਸਿੰਘ ਦੇ ਅਖੇੜ ਸੁਭਾਅ ਨੂੰ ਮੁਖ ਰਖਦਿਆਂ ਉਸ ਨੂੰ ਰਿਆਸਤ ਨਾਭਾ ਵਿਖੇ ਹੀਰਾ ਸਿੰਘ ਦੇ ਰਸਾਲੇ ਵਿੱਚ ਭਰਤੀ ਕਰਵਾ ਦਿੱਤਾ। ਕਾਕੇ ਨੇ ਪਰਤਾਪੀ, ਪਰਤਾਪੀ ਦੇ ਨਾਨਕੀਂ ਛੱਡ ਆਂਦੀ। ਪਰਤਾਪੀ ਵਿਛੋੜੇ ਦੀ ਅਗਨੀ ਵਿੱਚ ਸੜਦੀ ਹੋਈ ਨਾਨਕਿਆਂ ਤੋਂ ਲੋਪੋਂ ਆ ਗਈ:

ਕੁੱਠੀ ਰੰਨ ਫਰਾਕ ਦੀ, ਲੋਪੋਂ ਆਣ ਬੜੀ।
ਪਿੰਡ ਨਾਨਕਾ ਛਡਿਆ, ਪੈ ਗਈ ਰੰਨ ਅੜੀ।
ਪੰਧ ਉਡੀਕੇ ਯਾਰ ਦਾ, ਦਿਨ ਤੇ ਰਾਤ ਖੜੀ।
ਘੂਰੇ ਜਾ ਕੇ ਘਰਦਿਆਂ. ਮਾਈ ਨਾਲ ਲੜੀ।
ਛੱਡ ਗਏ ਰਾਜੇ ਵਾਲੀਏ, ਕੀ ਮੈਂ ਕਰਾਂ ਸੜੀ।
ਟੁੱਬਾਂ ਲੈ ਗਏ ਮੇਰੀਆਂ, ਬਿੰਦੀ ਨਥ ਕੜੀ।
ਦਿਨ ਕਟੇ ਮੈਂ ਨਾਨਕੀ, ਦੇਵੇ ਰੰਨ ਤੜੀ।
ਛੁਟਦਾ ਨਾ ਪਿੰਡ ਮਾਪਿਆਂ, ਪਾਈ ਸੀਸ ਜੜੀ।
ਜੇ ਮੈਂ ਜਾਂਦੀ ਹੋਰ ਥੈਂ, ਪੁਟਦੇ ਲੋਕ ਥੜੀ।

63/ ਇਸ਼ਕ ਸਿਰਾਂ ਦੀ ਬਾਜ਼ੀ