ਪੰਨਾ:ਇਹ ਰੰਗ ਗ਼ਜ਼ਲ ਦਾ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੨

ਗਰਮੀ ਦੀ ਰੁੱਤ, ਦੁਪਹਿਰਾ, ਸੂਰਜ ਦੀ ਤੇਜ਼ ਧੁੱਪਾਂ
ਸੱਸੀ ਨੇ ਪਰ ਥਲਾਂ ਵਿਚ ਹਿੰਮਤ ਨਹੀਂ ਹੈ ਹਾਰੀ
ਜਾਨ ਦਾ ਜੇ ਨਾ ਹੁੰਦਾ ਡਰ ਕੋਈ
ਇਸ਼ਕ ਕਰ ਦੇਖਦਾ ਤਾਂ ਹਰ ਕੋਈ

ਭਾਈ ਕੀ ਬੁੜ ਬੁੜ ਕਰਦਾ ਹੈਂ, ਮੈਂ ਅਪਣੇ ਪੈਸੇ ਖਰਚੇ ਨੇ
ਕੀ ਹੋਇਆ ਜੇ ਦੋ ਘੁੱਟਾਂ ਪੀ, ਮੈਂ ਅਪਣਾ ਮਨ ਪਰਚਾਇਆ ਹੈ

ਮੈਨੂੰ ਮਹਿਫਲ ਚੋਂ ਕੱਢ ਕਹਿੰਦੇ ਨੇ।
ਇਸ ਦਾ ਕੀ ਹੈ, ਇਹ ਬੰਦਾ ਘਰ ਦਾ ਹੈ

ਇਕ ਸੁਰਖ ਜਿਹਾ ਭਰਿਆ ਪਿਆਲਾ, ਜ਼ਾਹਿਦ ਆਖਰ ਤੂੰ ਪੀ ਹੀ ਗਿਆ ਭਾਵੇਂ ਸਾਕੀ ਨੂੰ ਕਹਿੰਦਾ ਸੀ, ਮਜਬੂਰ ਨਾ ਕਰ, ਲਾਚਾਰ ਨਾ ਕਰ

ਭਾਵੇਂ 'ਰਤਨ' ਪੜ੍ਹਾਣ ਵਿਚ ਉਸਤਾਦ ਸੀ ਅਸੀਂ
ਉਸ ਨੂੰ ਵਫ਼ਾ ਦੇ ਪਾਠ ਪੜ੍ਹਾਏ ਨਾ ਜਾ ਸਕੇ

ਹੁਣ ਅਸੀਂ ਅਸਲੀਅਤ ਬਾਰੇ ਕੁਝ ਲਿਖਦੇ ਹਾਂ।

ਅਸਲੀਅਤ ਤੋਂ ਭਾਵ ਇਹ ਹੈ ਕਿ ਸ਼ਿਅਰ ਵਿਚ ਕੋਈ ਅਜਿਹੀ ਗੱਲ ਨਾ ਆਵੇ ਜਿਹੜੀ ਦਿਲ ਨੂੰ ਅਨਹੋਣੀ ਜਿਹੀ ਲਗਦੀ ਹੋਵੇ। ਜਦੋਂ ਕਵੀ ਉੱਚੀਆਂ ਉਡਾਰੀਆਂ ਮਾਰਦਾ ਹੈ ਤਾਂ ਕਈ ਵਾਰ ਅਤ-ਕੱਥਨੀ ਜਾਂ ਮੁਬਾਲਗ਼ਾ ਆ ਜਾਂਦਾ ਹੈ ਅਤੇ ਰਾਈ ਦਾ ਪਹਾੜ ਬਣ ਜਾਂਦਾ ਹੈ। ਸੁਣਨ ਵਾਲਾ ਸਮਝਦਾ ਹੈ ਕਿ ਇਹ ਤਾਂ ਕੇਵਲ ਸ਼ਬਦਾਂ ਦਾ ਗੋਰਖ ਧੰਦਾ ਹੀ ਹੈ। ਇਹ ਠੀਕ ਹੈ ਕਿ ਕਵਿਤਾ ਨੂੰ ਸਾਇੰਸ ਦੇ ਪੈਮਾਨੇ ਨਾਲ ਨਾਪਿਆ ਨਹੀਂ ਜਾ ਸਕਦਾ ਪਰ ਫੇਰ ਵੀ ਏਸ ਸਾਇੰਸ ਦੇ ਯੁਗ ਵਿਚ ਅਤਕੱਥਨੀਆਂ ਨੂੰ ਬਹੁਤ ਥਾਂ ਦਿਖਾਈ ਨਹੀਂ ਦਿੰਦੀ।

ਅਸਲੀਅਤ ਦੇ ਕੁਝ ਨਮੂਨੇ ਹੇਠ ਦਿੰਦੇ ਹਾਂ:-

ਅਪਣੇ ਦਿਲ ਵਿਚ ਨਾ ਜੇ ਖੁਸ਼ੀ ਹੋਵੇ
ਸਾਰੀ ਦੁਨੀਆਂ ਉਦਾਸ ਦਿਸਦੀ ਹੈ।