ਪੰਨਾ:ਇਹ ਰੰਗ ਗ਼ਜ਼ਲ ਦਾ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁਰਾਈ ਹੋ ਹੀ ਜਾਂਦੀ ਹੈ



ਕਦੇ ਭਲਿਆਂ ਤੋਂ ਵੀ ਕੋਈ ਬੁਰਾਈ ਹੋ ਹੀ ਜਾਂਦੀ ਹੈ
ਜ਼ਹਿਰ ਦਾ ਰੂਪ ਵੀ ਕੋਈ ਦਵਾਈ ਹੋ ਹੀ ਜਾਂਦੀ ਹੈ

ਨਾ ਘਾਬਰ ਰਾਂਝਿਆ ਰੰਗਪੁਰ ਦੀਆਂ ਕੁੜੀਆਂ ਦੇ ਹਾਸੇ ਤੋਂ
ਮੁਹੱਬਤ ਵਿਚ ਸੱਜਣਾ, ਜਗ ਹਸਾਈ ਹੋ ਹੀ ਜਾਂਦੀ ਹੈ

ਅਜੇ ਅਸਲੀ ਮੁਹੱਬਤ ਦੀ ਨਹੀਂ ਪੀੜਾ ਤੇਰੇ ਦਿਲ ਵਿਚ
ਜੇ ਹੋਵੇ ਦਰਦ ਤਾਂ ਅਕਸਰ ਦਵਾਈ ਹੋ ਹੀ ਜਾਂਦੀ ਹੈ

ਮੈਂ ਰੱਬ ਨੂੰ ਛੱਡ ਕੇ ਪ੍ਰੀਤਮ ਦਾ ਅਕਸਰ ਨਾਮ ਜਪਦਾ ਹਾਂ
ਮੁਹੱਬਤ ਵਿਚ ਵੀ ਦਿਲ ਦੀ ਸਫਾਈ ਹੋ ਹੀ ਜਾਂਦੀ ਹੈ

ਉਹ ਚੱਲਿਆ ਸੈਰ ਨੂੰ ਤੇ ਨਾਲ ਦਿਲ ਮੇਰਾ ਵੀ ਲੈ ਟੁਰਿਆ
ਕਦੇ ਦੁਨੀਆਂ 'ਚ ਐਵੇਂ ਵੀ ਕਮਾਈ ਹੋ ਹੀ ਜਾਂਦੀ ਹੈ

ਕਿਸੇ ਉਮੀਦ ਤੇ ਰਾਹੀਂ ਕਈ ਟੁਰਦੇ ਨੇ ਇਸ ਰਾਹ ਤੇ
ਕਿ ਰੱਬ ਦੇ ਘਰ ਕਿਸੇ ਦੀ ਤਾਂ ਰਸਾਈ ਹੋ ਹੀ ਜਾਂਦੀ ਹੈ

+ਮੇਰਾ ਦਿਲ ਹੋ ਕੇ ਬੇ ਕਾਬੂ ‡ਤੇਰੇ ਘਰ ਵਲ ਨੂੰ ਖਿੱਚਦਾ ਹੈ
ਕਸ਼ਿਸ਼ ਜਿਧਰ ਹੋ ਉਧਰ ਆਵਾ ਜਾਈ ਹੋ ਹੀ ਜਾਂਦੀ ਹੈ

ਮੈਂ ਮੰਨਦਾਂ ਪ੍ਰੇਮ ਫੁੱਟ ਸਕਦਾ ਹੈ ਇਸ ਮਜ਼ਹਬ ਦੇ ਸਮੇਂ ਤੋਂ
ਕਦੇ ਮਜ਼ਹਬ ਦੇ ਨਾਂ ਤੇ ਪਰ ਲੜਾਈ ਹੋ ਹੀ ਜਾਂਦੀ ਹੈ

'ਰਤਨ' ਖ਼ਾਲੀ ਨਹੀਂ ਜਾਂਦਾ ਹੈ ਇਹ ਜਜ਼ਬਾ ਮੁਹੱਬਤ ਦਾ
ਕਿ ਤੂਰ ਉਤੇ ਕਿਸੇ ਦੀ ਰੂਨੁਮਾਈ ਹੋ ਹੀ ਜਾਂਦੀ ਹੈ

‡ਤਿਰੇ ਪੜ੍ਹੋ, +ਮਿਰਾ ਪੜ੍ਹੋ