ਪੰਨਾ:ਇਹ ਰੰਗ ਗ਼ਜ਼ਲ ਦਾ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਹਾਰ ਆਈ ਹੈ

 

ਬਾਗ਼ ਵਿਚ ਮੁੜ ਬਹਾਰ ਆਈ ਹੈ
ਨਾਲ ਖੇੜੇ ਦਾ ਹੜ੍ਹ ਲਿਆਈ ਹੈ

ਹਿਜਰ ਦਾ ਦੁੱਖ ਪੁੱਛ ਬੁਲਬੁਲ ਤੋਂ
ਜਿਸ ਨੇ ਲੰਬੀ ਸਹੀ ਜੁਦਾਈ ਹੈ

ਕੰਡੇ ਤਦ ਹੀ ਗੁਲਾਬ ਖਾਂਦਾ ਹੈ
ਇਸ ਨੇ ਰੰਗਤ ਕਿਤੋਂ ਚੁਰਾਈ ਹੈ

ਚਾਰ ਦਿਨ ਹੈ ਗੁਲਾਬ ਦਾ ਖੇੜਾ
ਇਹ, ਕਲੀ ਦੇਖ ਮੁਸਕਰਾਈ ਹੈ

ਫੁੱਲ ਫਿਰ ਵੀ ਹੈ ਖੁਸ਼ ਨਜ਼ਰ ਆਉਂਦਾ
ਪੱਲੇ ਇਸ ਦੇ ਨਾ ਇਕ ਪਾਈ ਹੈ

ਅੱਖ ਨਰਗਸ ਦੀ ਦੇਖ ਕੇ ਮੈਨੂੰ
ਤੇਰੇ ਨੈਣਾਂ ਦੀ ਯਾਦ ਆਈ ਹੈ

ਚਾਰ ਦਿਨ ਹੈ ਬਹਾਰ ਦਾ ਖੇੜਾ
ਭੋਲੀ ਬੁਲਬੁਲ ਬਣੀ ਸੁਦਾਈ ਹੈ

ਮੇਰੇ ਦਿਲ ਦੀ ਕਲੀ ਜੇ ਖਿੜ ਜਾਵੇ
'ਰਤਨ' ਸਮਝੇ ਬਹਾਰ ਆਈ ਹੈ