ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਢਾਹ ਮਾਰੀ ਜਿਸ ਦਮ ਪੁਤਰਾਂ ਨੇ,
ਰਾਜੇ ਦੇ ਨੇਤਰ ਖੁਲ੍ਹ ਗਏ।
ਦੇਹੀ ਨੂੰ ਲਾਂਬੂ ਲਗ ਗਿਆ,
ਅਖਾਂ 'ਚੋਂ ਅਥਰੂ ਡੁਲ੍ਹ ਗਏ।
ਕਰ ਕੇ ਇਸ਼ਨਾਨ ਸਰੋਵਰ 'ਚੋਂ,
ਆ ਸੀਸ ਨਿਵਾਇਆ ਦਾਤੇ ਨੂੰ।
ਰੋ ਰੋ ਕੇ ਕਰਮਾਂ ਮਾਰੇ ਨੇ,
ਸਭ ਹਾਲ ਸੁਨਾਯਾ ਦਾਤੇ ਨੂੰ।
ਹਸ ਆਖਿਆ ਮੇਹਰਾਂ ਵਾਲੇ ਨੇ,
ਸਾਨੂੰ ਅਜ ਸ਼ੋਕ ਸ਼ਕਾਰਾਂ ਦੇ।
ਤੁਸੀਂ ਹੋ ਤੀਰ ਅੰਦਾਜ਼ ਬੜੇ,
ਕੁਝ ਮਿਰਗ ਦਿਹੋ ਫੜ ਬਾਰਾਂ ਦੇ।
ਚੜ੍ਹ ਘੋੜਿਆਂ ਉਤੇ ਦੌੜ ਪਏ,
ਰਾਜੇ ਨੂੰ ਖਬਰ ਨਾ ਕਾਈ ਏ।
ਮਾਇਆ ਦੀ ਨਗਰੀ ਜੰਗਲ ਵਿਚ,
ਪ੍ਰੀਤਮ ਨੇ ਇਕ ਰਚਾਈ ਏ।
ਇਕ ਮਿਰਗ ਸੁਨਹਿਰੀ ਵੇਖਦਿਆਂ,
ਰਾਜੇ ਨੇ ਘੋੜਾ ਛੇੜ ਦਿਤਾ।
ਭਰਮਾਂ ਦੇ ਬੰਧਨ ਕਟਨ ਨੂੰ,
ਕਰਮਾਂ ਦਾ ਖੂਹਾ ਗੇੜ ਦਿਤਾ।
-੩੪-