ਪੰਨਾ:ਉਪਕਾਰ ਦਰਸ਼ਨ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਖਾਨ ਇਸ ਤਰ੍ਹਾਂ ਡਿਗਦੇ, ਜਿਉਂ ਢਹਿਨ ਚੁਬਾਰੇ।
ਕੌਮਾਂ ਦੋਏ ਲੜਾਕੀਆਂ ਕੌਣ ਜਿਤੇ ਹਾਰੇ।
ਉਧਰ ਨਾਹਰੇ ਅਕਬਰੀ, ਏਧਰ ਜੈਕਾਰੇ।

ਇਉਂ ਵਾਹੁੰਦਾ ਸਾਹਿਬ ਅਜੀਤ ਸਿੰਘ, ਰੋਹ ਅੰਦਰ ਖੰਡੇ।
ਪਈ ਜੀਕਨ ਸਟ ਵਦਾਣ ਦੀ, ਫਾਲੇ ਨੂੰ ਚੰਡੇ।
ਵਾਹ ਤੇਗਾਂ ਉਸ ਦੇ ਸਾਥੀਆਂ, ਇੰਜ ਮੁਗਲ ਤਰੰਡੇ।
ਫੜ ਝੰਬਨੀ ਫੁਟ ਕਪਾਹ ਦੇ, ਕੋਈ ਜਟੀ ਫੰਡੇ।
ਕਹਿੰਦਾ ਮੈਂ ਉਚੇ ਕਰ ਦਿਆਂ, ਭਾਰਤ ਦੇ ਝੰਡੇ।
ਮੈਂ ਚੰਡੀ ਹੈ ਚਮਕਾਵਣੀ ਜਾ ਕਾਬਲ ਕੰਡੇ।
ਇਉਂ ਰੋਹ ਵਿਚ ਸਿਰੀਆਂ ਚਿਥਦੇ ਜਟ ਭੰਨਨ ਗੰਡੇ।
ਉਹ ਇੰਝ ਨਚਾਂਦਾ ਮੌਤ ਨੂੰ, ਬਾਂਦਰ ਜਿਉਂ ਡੰਡੇ।
ਉਹ ਕਹਿੰਦਾ ਜੇ ਨਾ ਮੁਗਲ ਮੈਂ, ਰਣ ਵਿਚੋਂ ਛੰਡੇ।
ਤਾਂ ਦੇਵੀ ਦਿਉਤੇ ਦੇਸ਼ ਦੇ, ਜਾਵਣਗੇ ਭੰਡੇ।
ਨਹੀਂ ਖਾਵਣ ਦੇਣੇ ਗੈਰ ਨੂੰ, ਮੈਂ ਹਲਵੇ ਮੰਡੇ।
ਮੈਂ ਬਹਿਣਾ ਕਢ ਕੇ ਹਿੰਦ ਦੇ, ਪੈਰਾਂ 'ਚੋਂ ਕੰਡੇ।

ਜਦ ਹੋ ਗਿਆ ਸਾਹਿਬ ਅਜੀਤ ਸਿੰਘ ਲੜ ਟੋਟੇ ਟੋਟੇ।
ਤਦ ਓਸੇ ਵਕਤ ਜੁਝਾਰ ਸਿੰਘ, ਕਸ ਲਏ ਲੰਗੋਟੇ।
ਤਦ ਏਦਾਂ ਕੀਤੀ ਬੇਨਤੀ, ਓਹਦੇ ਭਾਈ ਛੋਟੇ।
ਮੈਂ ਉਮਰੋਂ ਨਿਕਾ ਪਿਤਾ ਜੀ ਕੰਮ ਮੇਰੇ ਮੋਟੇ।
ਮੈਂ ਪੂਰੇ ਕਰਨੇ ਲਹੂ ਨਾਲ ਭਾਰਤ ਦੇ ਤੋਟੇ।
ਮੇਰੇ ਰੋਹ ਵਿਚ ਡੌਲੇ ਨਚਦੇ, ਤੇ ਫਰਕਣ ਪੋਟੇ।

-੯੧-