ਪੰਨਾ:ਉਪਕਾਰ ਦਰਸ਼ਨ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਏਦਾਂ ਛਡ ਸ਼ੂਕਨੇ ਦਲ ਨੂੰ ਤੜਫਾਂਦਾ।
ਜਿਉਂ ਜੇਠ ਦਾ ਸੂਰਜ ਧਰਤ ਨੂੰ, ਚੜ੍ਹ ਲਾਂਬੂ ਲਾਂਦਾ।
ਇਉਂ ਜ਼ਖਮੀਂ ਉਹਦੀ ਤੇਗ਼ ਦਾ, ਲੁਛਦਾ ਮੁਰਝਾਂਦਾ।
ਸੰਸਾਰ ਬਰੇਤੀ ਨਿਕਲ ਜਿਉਂ, ਪਲਸੇਟੇ ਖਾਂਦਾ।
ਇਉਂ ਲਹੂਆਂ ਉਤੇ ਸੂਰਮੇ, ਉਹ ਤਾਰੀ ਜਾਂਦਾ।
ਜਿਉਂ ਲਹਿਰਾਂ ਤੇ ਮਗਰ ਮਛ, ਤਰ ਖੁਸ਼ੀ ਮਨਾਂਦਾ।

ਤਦ ਏਦਾਂ ਲੋਹੜੇ ਮਾਰਦਾ, ਗਾਜ਼ੀ ਦਲ ਸਾਰਾ।
ਟੁਟ ਇਕੋ ਵਾਰੀ ਪੈ ਗਿਆ, ਦੇ ਕੇ ਲਲਕਾਰਾ।
ਉਹਨਾਂ ਸ਼ੇਰ ਜੀਊਂਦਾ ਫੜਨ ਨੂੰ, ਟਿਲ ਲਾਯਾ ਭਾਰਾ।
ਪਰ ਹਥ ਨਾ ਆਯਾ ਕਿਸੇ ਦੇ, ਅਣਖੀਲਾ ਪਾਰਾ।
ਔਹ ਰਣ ਦੇ ਅੰਦਰ ਵਹਿ ਤੁਰੀ, ਰਤ ਦੀ ਧਾਰਾ।
ਹੋ ਟੋਟੇ ਟੋਟੇ ਡਿਗ ਪਿਆ, ਦਸਮੇਸ਼ ਦੁਲਾਰਾ।
ਉਹ ਦੇਸ਼ ਦੇ ਢਹਿੰਦੇ ਮਹਿਲ ਦਾ, ਬਣ ਗਿਆ ਸਹਾਰਾ।
ਉਹ ਪੱਕਾ ਖੂਬ ਬਣਾ ਗਿਆ, ਲਾ ਮਿਝ ਦਾ ਗਾਰਾ।

-੯੩-