ਪੰਨਾ:ਉਸਦਾ ਰੱਬ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਕੇ ਨੂੰ ਸੰਬੋਧਤ ਹੋਈ "ਨਾ ... ਥਾਰੀ ਸਾਲੀ ਕੀ ਛੋਕਰੀ ਕੁਸ ਨਾਂ ਹੋਈ ... ਔਹ ਕਿਆ ਕਰੈਗੀ?" ਉਹ ਉਸ ਵੱਲ ਘੂਰਨ ਲੱਗ ਪਿਆ ਜਿਵੇਂ ਉਹਨੇ ਕੋਈ ਗਲਤ ਗੱਲ ਕਹਿ ਦਿੱਤੀ ਹੋਵੇ।
"ਜੇ ਕਿਸੀ ਬਾਤ ਕਾ ਨਹੀਂ ਪਤਾ ਹੁੰਦਾ ਊਈਂ ਨੀਂ ਮਗਜੌਲੀ ਮਾਰੀਂ ਜਾਏ ਕਰਦੇ.. ਮੇਰਾ ਸਿਰ ਨ੍ਹੀ ਫਿਰਿਆ ਅਜੋਂ ... ਤੌਹ ਕਿਆ ਸਮਝਾ - ਅਕ ਬਈ.. |" ਇਕ ਦਮ ਉਸਨੇ ਜਿਵੇਂ ਆਪਣੇ ਮਨ ਨੂੰ ਸਮਝਾ ਲਿਆ ਹੋਵੇ। ਅੱਖਾਂ ਪੂੰਝ ਕੇ ਉਹ ਉਸਨੂੰ ਦਵਾਈ ਦੇਣ ਲਗ ਪਈ!
ਵਰਿੰਦਰ ਦੇ ਮਨ 'ਚ ਖੁਸ਼ੀ ਦੇ ਲੱਡ ਭਰਦੇ ਜਾ ਰਹੇ ਸਨ। ਉਹ ਕਦੇ ਕਾਹਲੀ ਕਾਹਲੀ ਤੁਰਨ ਲਗ ਪੈਂਦਾ। ਕਦੇ ਸੋਚਦਾ ਕਿ ਲਫਾਫੇ ਵਿਚੋਂ ਮਜ਼ਮੂਨ ਕਢਕੇ ਦੇਖ ਲਵੇ॥ ਫੇਰ ਉਸਦੇ ਦਿਮਾਗ ਵਿੱਚ ਆਉਂਦਾ ਕਿ ਵਕੀਲ ਕੋਲ ਛੇਤੀ ਪਹੁੰਚ ਜਾਣਾ ਚਾਹੀਦਾ
ਵਕੀਲ ਦਾ ਕੀ ਪਤੈ ਕਦੋਂ ਕਿਧਰ ਨੂੰ ਤੁਰ ਪਏ। ਉਸਨੇ ਸੋਚਿਆ ਵਕੀਲ ਨਾਲ ਗੱਲ ਕਰ ਕੇ ਜੋ ਇਸਨੇ ਨਹੀਂ ਵੀ ਲਿਖਿਆ ਉਹ ਵੀ ਲਿਖਵਾ ਲਵਾਂਗਾ। ਕਾਹਲੀ ਨਾਲ ਦਸਖਤ ਕਰਵਾ ਕੇ ਲਾਂਭੇ ਹੋਵਾਂਗਾ।
ਉਹ ਅਜੇ ਹਸਪਤਾਲ 'ਚੋਂ ਬਾਹਰ ਨਹੀਂ ਸੀ ਨਿਕਲਿਆ। "ਖਾਤੇ ਮਾਂ ਗਿਰੈ ਵਕੀਲ...ਦੋ ਦਿਨ ਪਛੇਤਾ ਵੀ ਹੋ ਸਕਾ ਕੰਮ।" ਸੋਚਦਿਆਂ ਉਸਦਾ ਹੱਥ ਲਫਾਫੇ ਵਿੱਚ ਚਲਾ ਗਿਆ। ਚਾਚੇ ਦੇ ਆਪਣੇ ਹੱਥ ਦਾ ਕੁਝ ਲਿਖਿਆ ਹੋਇਆ ਸੀ।
ਮਜ਼ਮੂਨ ਪੜ੍ਹਦਿਆਂ ਹੀ ਉਹਦੇ ਮੱਥੇ ਤੇ ਗੁੱਸੇ ਦੀਆਂ ਲਕੀਰਾਂ ਉਭਰ ਆਈਆਂ। ਉਸਨੂੰ ਲੱਗਾ ਜਿਵੇਂ ਉਹਨੂੰ ਗ਼ਲਤ ਕਾਗਜ਼ ਫੜਾ ਦਿੱਤੇ ਹੋਣ। ਉਹ ਥਾਂਏ ਖੜ੍ਹਾ ਸੁੰਨ ਜਿਹਾ ਹੋ ਗਿਆ।


ਉਹ ਹੈਰਾਨ ਹੀ ਰਹਿ ਗਿਆ ਕਿ ਮਹਿਕਮੇ ਵੱਲੋਂ ਅਜੇ ਉਸਦੀ ਪੈਨਸ਼ਨ ਦਾ ਫੈਸਲਾ ਨਹੀਂ ਹੋਇਆ। ਉਹ ਸੋਚ ਰਿਹਾ ਸੀ ਕਿ ਸਾਰੇ ਕਾਗਜ਼ ਉਹਨੂੰ ਵਾਪਸ ਫੜਾ ਆਵੇ ਪਰ ਉਸਨੂੰ ਲੱਗਾ ਜਿਵੇਂ ਉਹ ਬਹੁਤ ਅੱਗੇ ਲੰਘ ਆਇਆ ਹੋਵੇ ਅਤੇ ਵਾਪਸ ਮੁੜਣਾ ਉਹਦੇ ਲਈ ਔਖਾ ਜਾਪ ਰਿਹਾ ਸੀ। ਉਹਦੇ ਹੱਥਾਂ ਨੇ ਸਾਰੇ ਕਾਗਜ਼ ਫਾੜ ਕੇ ਉਥੇ ਈ ਸੁੱਟ ਦਿੱਤੇ
"ਸਾਲੇ ਯਾਦ ਕਰਨੇ ਕੇ ...|" ਸੜਕ ਤੇ ਪਏ ਕਾਗਜ ਦਰਦ ਨਾਲ ਤੜਫਦੇ ਮਰੀਜ਼ ਵਾਂਗ ਏਧਰ ਓਧਰ ਲੇਟਣੀਆਂ ਲੈਂਦੇ ਉਡ ਰਹੇ ਸਨ। ਉਹ ਉਥੋਂ ਹੀ ਘਰ ਵੱਲ ਨੂੰ ਹੋ ਲਿਆ। ਭੁੱਜਦੀ ਸੜਕ ਤੇ ਪੈਰ ਘਸੀਟ ਘਸੀਟ ਚਲਦਿਆਂ ਉਸਨੂੰ ਉਨ੍ਹਾਂ ਰੁੱਖਾਂ ਦੀ ਠੰਢੀ ਛਾਂ ਵੀ ਗਰਮ ਲੱਗ ਰਹੀ ਸੀ ਜਿਨ੍ਹਾਂ ਦੀ ਠੰਢੀ ਛਾਵੇਂ ਬੈਠਕੇ ਉਸਨੇ ਕਿੰਨੀ ਵਾਰੀ ਦਮ ਮਾਰਿਆ ਸੀ।

70/ਤਪਸ਼