ਪੰਨਾ:ਏਸ਼ੀਆ ਦਾ ਚਾਨਣ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੇਰੇ ਸ੍ਵਾਮੀ ਦੇ ਪਿਆਰ ਤੇ ਮੇਰੇ ਬੱਚੇ ਦੀ ਮੁਸਕਾਹਟ
ਵਿਚ ਮੇਰੇ ਉਤੇ ਲਿਸ਼ਕਦਾ ਰਹੇ;
ਤੇ ਸਾਡੇ ਘਰ ਨੂੰ ਪ੍ਰੇਮ ਨਾਲ ਨਿੱਘਾ ਰਖੇ।
ਘਰ ਦੇ ਕੰਮਾਂ ਵਿਚ ਮੇਰੇ ਦਿਨ ਚੰਗੇ ਗੁਜ਼ਰ ਰਹੇ ਹਨ,
ਸੂਰਜ ਨਾਲ ਉਠ ਕੇ ਮੈਂ ਦੇਵਤਿਆਂ ਦੇ ਗੁਣ ਗੌਂਦੀ ਹਾਂ,
ਦਾਣੇ ਵੰਡਦੀ ਹਾਂ, ਤੁਲਸੀ ਨੂੰ ਝਾੜਦੀ ਹਾਂ,
ਤੇ ਗੋਲੀਆਂ ਨੂੰ ਕੰਮੀਂ ਲਾਂਦੀ ਹਾਂ, ਦੁਪਹਿਰ ਤੀਕ,
ਜਦੋਂ ਮੇਰੇ ਸ੍ਵਾਮੀ ਮੇਰੇ ਗੋਡਿਆਂ ਤੇ ਸਿਰ ਧਰ ਕੇ ਸੌਂਦੇ ਹਨ,
ਮੈਂ ਹੌਲੇ ਹੌਲੇ ਗੀਤ ਗੌਂਦੀ ਹਾਂ, ਨਾਲੇ ਪੱਖਾ ਕਰਦੀ ਹਾਂ,
ਫੇਰ ਸੰਝ ਵੇਲੇ ਉਹਨਾਂ ਦੇ ਸਾਹਮਣੇ
ਰੋਟੀ ਪਰੋਸਦੀ ਹਾਂ।
ਫੇਰ ਮੰਦਰੋਂ ਹੋ ਆ ਕੇ,
ਕੁਝ ਮਿੱਤਰ ਪਿਆਰਿਆਂ ਨਾਲ ਬਚਨ ਕਰ ਕੇ,
ਜਦੋਂ ਸਿਤਾਰੇ ਸੌਣ ਲਈ ਆਪਣੇ ਚਾਂਦੀ ਦੇ ਦੀਵੇ ਬਾਲਦੇ ਹਨ।
ਮੈਂ ਕੀਕਰ ਪ੍ਰਸੰਨ ਨਾ ਹੋਵਾਂ, ਜਿਹਦੇ ਉਤੇ ਏਡੀ ਮਿਹਰ ਹੋਵੇ,
ਤੇ ਮੈਂ ਆਪਣੇ ਸ੍ਵਾਮੀ ਨੂੰ ਇਹ ਬੱਚਾ ਦਿੱਤਾ ਹੈ,
ਜਿਸਦੇ ਨੰਨ੍ਹੇ ਹੱਥ ਉਹਦੀ ਆਤਮਾ ਨੂੰ ਸ੍ਵਰਗ ਵਿਚ ਲਿਜਾਣਗੇ।
ਪਵਿਤਰ ਗ੍ਰੰਥਾਂ ਵਿਚ ਲਿਖਿਆ ਹੈ ਜੋ ਮਨੁਖ
ਰਾਹੀਆਂ ਦੀ ਛਾਂ ਲਈ ਦਰੱਖਤ ਲਾਂਦਾ ਹੈ,
ਤੇ ਲੋਕਾਂ ਦੇ ਆਰਾਮ ਲਈ ਖੂਹ ਖਟਾਂਦਾ ਹੈ,
ਤੇ ਪੁੱਤਰ ਪ੍ਰਾਪਤ ਕਰਦਾ ਹੈ,
ਉਸ ਨੂੰ ਮਰਨੋਂ ਪਿਛੋਂ ਇਹ ਸਭ ਗੁਣਕਾਰੀ ਹੋਣਗੇ;
ਤੇ ਜੋ ਗ੍ਰੰਥ ਆਂਹਦੇ ਹਨ, ਮੈਂ ਸਨਿਮ੍ਰ ਮੰਨਦੀ ਹਾਂ,
ਕਿਉਂਕਿ ਮੈਂ ਪੁਰਾਤਨ ਬਜ਼ੁਰਗਾਂ ਨਾਲੋਂ ਸਿਆਣੀ ਨਹੀਂ ਹਾਂ,
ਜਿਨ੍ਹਾਂ ਦੇਵਤਿਆਂ ਨਾਲ ਗਲਾਂ ਕੀਤੀਆਂ, ਤੇ ਜਿਨ੍ਹਾਂ ਨੂੰ

੧੨੭