ਤੂੰ ਜੰਮਦਾ ਤਾਂ ਤੈਨੂੰ ਮਿਲ ਕੇ ਗੋਦੀ ਦੇਂਦੇ
ਇਹ ਘਰ ਦੇਂਦੇ
ਏਸ ਮੁਲਕ ਦਾ ਸ਼ਹਿਰੀ ਹੋਣਾ ਵੀ ਮਿਲ ਜਾਂਦਾ
ਪਰ ਕੁਦਰਤ ਨੂੰ ਕਹਿ ਕੇ ਤੈਨੂੰ
ਮਾਂ ਦੇ ਗਰਭ 'ਚ
ਨਾੜੂ ਨਾਲ ਜੁੜਣ ਜਿੰਨੀ ਥਾਂ ਲੈ ਦੇਣਾ
ਸਾਡੇ ਵਸ ਨਾ ਹੋਇਆ...
ਜਦ ਤੂੰ ਕੁੱਖ ਧਾਰਣ ਕੀਤੀ ਸੀ
ਤੇਰੇ ਅੱਧੇ ਗੁਣ ਸਨ ਮੇਰੇ ਅੱਧੇ ਮਾਂ ਦੇ
ਇਹ ਤਾਂ ਵੇਖਣ ਨੂੰ ਲਗਦਾ ਹੈ
ਸਾਡੇ ਮੇਲ 'ਚੋਂ ਤੂੰ ਸੀ ਜੰਮਣਾ
ਸੱਚ ਤਾਂ ਇਹ ਹੈ
ਤੇਰੇ ਕਰਕੇ ਅਸਾਂ ਦੁਹਾਂ ਸੀ
ਪਹਿਲੀ ਵਾਰੀ "ਮਿਲਣਾ"...
|
ਜਦ ਤੂੰ ਮਾਂ ਦੇ ਗਰਭ 'ਚ ਸੀ
ਉਹ ਮੈਨੂੰ ਹੱਸ ਕੇ ਕਹਿੰਦੀ
"ਹੁਣ ਮੈਂ ਤੈਨੂੰ ਆਪਣੇ ਅੰਦਰੋਂ ਵੀ ਛੋਹ ਸਕਦੀ"
ਤੇਰੇ ਵਿਛੜਣ ਮਗਰੋਂ ਉਸ ਨੂੰ ਲਗਦਾ
ਤੂੰ ਹੀ ਨਹੀਂ- ਹੁਣ
ਮੈਂ ਵੀ ਉਸਦੇ ਹੱਥੋਂ ਛੁੱਟ ਗਿਆ....
ਪਿੰਡੇ ਦਾ ਵਿਗਿਆਨ ਆਖਦਾ
ਮੌਤ ਵਾਪਰੇ ਓਦੋਂ
ਜਿਸ ਪਲ ਬੰਦ ਹੁੰਦਾ ਹੈ
ਹਿਰਦਾ ਜਾਂ ਸਾਹ...
ਤੇਰਾ ਹਿਰਦਾ ਅਜੇ ਅਧੂਰਾ ਸੀ
ਮਾਂ ਦਾ ਸਾਹ ਹੀ ਤੇਰਾ ਸਾਹ ਸੀ
ਤੇਰੀ ਮਾਂ ਤਾਂ ਹਾਲੇ ਵੀ ਸਾਹ ਲੈਂਦੀ
ਹਿਰਦਾ ਉਸਦਾ ਹਾਲੇ ਧੜਕੇ
ਫਿਰ ਵੀ ਮੌਤ ਹੋ ਗਈ ਤੇਰੀ...
|