ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਦੀਨ

ਮੈਂ ਨਦੀਨ ਪੁੱਟ ਦੇਵਾਂ
ਬੂਟੇ ਫੁੱਲ ਲਗਾਉਣ ਲਈ
ਬਚਾਉਣ ਲਈ...

ਫੁੱਲਾਂ ਵਾਂਗ ਨਦੀਨ ਵੀ ਜੀਵੇ ਜਾਗੇ
ਪਰ ਮੈਨੂੰ ਚੰਗਾ ਨਾ ਲੱਗੇ
ਉਸ ਉੱਤੇ ਮੇਰੀ ਮਰਜ਼ੀ ਦੇ
ਫੁੱਲ ਨਾ ਉੱਗੇ
ਘਾਹ ਵਾਂਗੂੰ ਉਹ ਪੈਰਾਂ ਥੱਲੇ
ਚੁਪ ਚਾਪ ਨਾ ਆਵੇ
ਕੰਡੇ ਚੋਭੇ ਜੜ੍ਹ ਨੂੰ ਏਨਾ ਡੂੰਘਾ ਲਾਵੇ
ਬਹੁਤ ਔਖੀ ਪੁੱਟੀ ਜਾਵੇ

ਪੰਛੀ ਅਤੇ ਪਤੰਗੇ ਆਣ
ਬੈਠ ਨਦੀਨੇ
ਸੂਹੇ ਫੁੱਲ ਪਲੋਸਣ
ਰਸ ਦੀ ਦੱਖਣਾ ਪਾਣ

ਉੱਗੇ ਫੁੱਲ ਤਰਤੀਬ 'ਚ
ਕੱਟਿਆ ਘਾਹ
ਤਰਾਸ਼ੀ ਝਾੜੀ ਮੇਰੀ
ਸਭਿਅਤ ਅੱਖ ਨੂੰ ਚੰਗਾ ਲਗਦਾ
ਫੁੱਲਾਂ ਖਾਤਰ ਪੁੱਟ ਨਦੀਨ
ਹਿੰਸਕ ਨਹੀਂ ਮੈਂ ਸਭਿਅਤ ਲਗਦਾ

ਹਿੰਸਕ ਜਿਹਾ ਨਦੀਨ ਜੋ ਉੱਗਿਆ
ਇਸ ਮਨ ਅੰਦਰ
ਉਸ ਤੇ ਵਾਹ ਨਾ ਚਲਦੀ
ਜਿਹੜਾ ਬਾਹਰ ਉੱਗਿਆ ਉਸਨੂੰ
ਪੁੱਟ ਕੇ ਕਰਾਂ ਤਸੱਲੀ...

(23)