ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਚਾਈ

.ਜਦ ਹਉਮੈ ਵਿੱਚ ਉੱਚਾ ਉੱਠਾਂ
ਆਪਣੀ ਬਾਂਹ ਨੂੰ ਵਿੱਥ ਬਣਾਵਾਂ
ਤੈਨੂੰ ਗਲ ਨਾ ਲਾਵਾਂ
ਹੱਥ ਚੁੱਕ ਵਰ ਹੀ ਦੇਵਾਂ

ਪਰ ਜੇ ਮੋਹ ਵਿੱਚ ਉੱਚਾ ਉੱਠਾਂ
ਚਾਨਣ-ਵਰ੍ਹਿਆਂ ਲੰਮੀ ਵਿੱਥ ਮੁੱਕ ਜਾਂਦੀ
ਅੱਖੀਆਂ ਮੇਰੀਆਂ ਰਹਿਣ
ਨਜ਼ਰ ਤੇਰੀ ਹੋ ਜਾਂਦੀ

ਖੁਸ਼ੀ 'ਚ ਉੱਚਾ ਉੱਠਾਂ ਤਾਂ ਭੁੱਲ ਜਾਵਾਂ
ਦੁਖ ਤੇ ਦੁਸ਼ਮਣ ਪਿਛਲੇ
ਤੇਰੇ ਚਾਅ ਵਿੱਚ ਜੀਅ ਉੱਠਿਆਂ
ਭੁੱਲ ਜਾਵਾਂ ਆਪਾਂ ਵਿਛੜੇ

ਜੇ ਮੈਂ ਆਸ ਬਿਗਾਸੀਂ ਉੱਠਾਂ
ਸਦੀਆਂ ਮਗਰੋਂ ਜਿਸ ਪਲ ਔਣਾ
ਏਸੇ ਪਲ ਜੀਅ ਲਾਂ

ਜੀਣ ਮਰਨ ਦੀ ਵਿੱਥ ਮੁੱਕ ਜਾਏ
ਜਦੋਂ ਆਸਥਾ ਉੱਚੀ ਕਰ ਲਾਂ

ਜਦ ਜਦ ਆਪਣਾ ਅੰਤਰ
ਉੱਚਾ ਉੱਠ ਜਾਂਦਾ
ਅਣੂ ਤੋਂ ਬ੍ਰਹਿਮੰਡ ਤੀਕਰ ਫ਼ੈਲੀ
ਸ੍ਰਿਸ਼ਟੀ ਅੰਦਰ
ਕੁਝ ਨਾ ਨਿਗੂਣਾ ਰਹਿੰਦਾ...

(34)