"ਤੁਸੀਂ ਜਿੰਨ੍ਹਾਂ ਨੂੰ ਮਾਰ ਆਏ ਹੋ
ਲਹੂ ਉਨ੍ਹਾਂ ਦਾ ਬੀਅ ਬਣ ਬਣ ਕੇ
ਮੁੜ ਧਰਤੀ ਵਿਚ ਡਿੱਗਾ
ਆਪਣਾ ਬਦਲਾ ਲੈਣ ਵਾਸਤੇ
ਅੱਜ ਉੱਗਾ ਕਿ ਕਲ੍ਹ ਉੱਗਾ...
ਪਰ ਜਿਨ੍ਹਾਂ ਨੂੰ ਮਸ਼ਕ ਦੇ ਪਾਣੀ ਜੀਵਨ ਦਿੱਤਾ
ਓੁਨ੍ਹਾਂ ਵਿਚੋਂ ਮਰ ਗਿਆ ਹੈ ਓਹ ਬੰਦਾ
ਜਿਹੜਾ ਨਾਲ ਤੁਹਾਡੇ ਲੜਦਾ...
ਮਸ਼ਕ ਦਾ ਪਾਣੀ ਪੀ ਕੇ ਜਿਹੜਾ ਲੜਦਾ ਦਿਸੇ
ਆਪ ਨਾ ਲੜਦਾ...
ਇਹ ਤਾਂ ਸਿਰਫ਼ ਸਰੀਰ ਹੈ ਉਸ ਦਾ
ਜਾਂ ਸਰੀਰ ਨੂੰ ਲੱਗੀ ਭੁੱਖ
ਚਿੰਤਾ ਪਿਛਲੇ ਟੱਬਰ ਦੀ ਜਾਂ
ਮਾਲਕ ਹੱਥੋਂ ਮਰਨ ਦਾ ਡਰ
ਬੰਦਾ ਨਹੀਂ ਕਲਬੂਤ ਹੈ ਉਸਦਾ
ਜਿਹੜਾ ਨਾਲ ਤੁਹਾਡੇ ਲੜਦਾ...
|
ਇਸ ਕਲਬੂਤ ਨੂੰ ਨੇਜ਼ਾ ਨਹੀਂ
ਉਹ ਕਰੁਣਾ ਵਿੰਨ੍ਹਦੀ
ਜਿਸਦੀ ਬੁੱਕ 'ਚੋਂ
ਭਾਈ ਘਨਈਆ ਜਲ ਬਖਸ਼ਦਾ
ਮੈਂ ਆਪਣੀ ਕਿਰਪਾਨ
ਤੁਹਾਨੂੰ ਦਿੱਤੀ ਸੀ ਪਾ ਬਾਣੀ ਦੀ ਮਿਆਨ...
ਕੌਣ ਹੈ ਜੋ ਨੰਗੀ ਤਲਵਾਰ ਹੀ ਮੋੜ ਲਿਆਇਆ?
ਮੈਂ ਤਾਂ ਸੰਤ-ਸਿਪਾਹੀ ਘੱਲਿਆ ਲੜਣ ਵਾਸਤੇ
ਸਿਰਫ਼ ਸਿਪਾਹੀ ਕੀਕਣ ਬਚ ਕੇ ਵਾਪਸ ਆਇਆ?
ਏਦੂੰ ਪਹਿਲਾਂ...
ਲਹੂ 'ਚ ਭਿੱਜ ਉਹ ਨਾਸ ਹੋ ਜਾਵੇ
ਜਾਉ!
ਜੰਗ-ਮੈਦਾਨੇ ਵਿਚੋਂ
ਆਪੋ ਆਪਣਾ
ਬੀਅ ਸੁਰਤ ਦਾ
ਲੱਭ ਲਿਆਉ...!"
|