ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/66

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਅੱਜ ਦਾ ਵਰ


ਰੋਜ਼ ਦਿਹਾੜੀ
ਅੰਤਰ ਵਿਚੋਂ ਰੌਲਾ ਉੱਠੇ
ਹੋਏ ਬਗਾਵਤ
ਜਦੋਂ ਜਦੋਂ ਵੀ
ਜੀਣਾ ਚਾਹਾਂ
ਸੱਚ ਬੋਲਣਾ
ਸੁਰ ਇਕਾਗਰ ਹੋਣਾ ਚਾਹਾਂ

ਪਰ ਜੇ ਏਸ ਹਨੇਰੀ ਅੱਗੇ
ਮਿੱਥ ਕੇ ਖੜ੍ਹ
ਇੱਕ ਵਾਰੀ ਵੀ
ਸੱਚ ਬੋਲ ਦਿਆਂ
ਸੁਰ ਹੋ ਜਾਵਾਂ
ਜੀਅ ਹੀ ਲਾਂ ਤਾਂ...

ਆਪਣਾ ਆਪਾ ਚੰਗਾ ਲੱਗੇ
ਪੀੜ ਉਦਾਸੀ ਹੁੰਦਿਆਂ ਵੀ
ਹੋਰ ਜੀਣ ਨੂੰ ਜੀਅ ਕਰੇ
ਕਾਸੇ ਵਿਚੋਂ ਦੁੱਖ ਡੁਲ੍ਹ ਜਾਏ
ਸਹਿਜ ਧੁਨੀ ਹੌਲਾਪਣ ਤੇ
ਕਵਿਤਾ ਦਾ ਛੰਦ ਭਰ ਜਾਏ...

ਪਰ ਇਹ ਵੱਡਾ ਵਰ ਮਿਲਦਾ
ਬਸ ਅੱਜ ਲਈ ...

ਭਲਕੇ ਫੇਰ ਕਮਾਉਣਾ ਹੁੰਦਾ
ਆਪਣੇ ਦਰ ਤੇ
ਕਲ੍ਹ ਫਿਰ
ਕਿਰਤ ਲਈ ਔਣਾ ਹੁੰਦਾ...

(62)