ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਲੀਆਂ


ਪੈਰ-ਤਲੀ ਵਿੱਚ ਕੰਡਾ ਚੁੱਭਾ
ਕੰਡਾ ਕੱਢਿਆ ਤਾਂ ਮੈਂ ਜਾਤਾ
ਕਿੰਨੇ ਸਾਲ਼ ਹੀ ਬੀਤ ਗਏ
ਮੈਂ ਤਲੀਆਂ ਨੂੰ ਤੱਕਿਆ ਨਾ
ਕਿੱਥੇ ਹਨ-
ਕਿਸ ਹਾਲ 'ਚ ਹਨ-
ਕਿੰਨੀਆਂ ਥੱਕੀਆਂ-
ਮੈਂ ਪੁੱਛਿਆ ਨਾ
ਜਦ ਵੀ ਤੁਰਨਾ ਹੋਵੇ
ਪਾਵਾਂ ਕਾਠੀ ਬਣਾਂ ਸਵਾਰ
ਤਲ਼ੀਆਂ ਕੋਲ਼ੋ ਲਵਾਂ
ਇਜਾਜ਼ਤ- ਮੈਂ ਸੋਚਾਂ ਵੀ ਨਾ
ਮੈਂ ਜਿੱਥੇ ਵੀ ਜਾਣਾ ਚਾਹਾਂ
ਪੁੱਛਾਂ ਪਤਾ ਓਸ ਦਾ ਸਿਰ ਤੋਂ
ਪਰ ਜਿੱਥੋਂ ਜਿੱਥੋਂ ਲੰਘਦਾ ਹਾਂ
ਉਹ ਰਸ ਨਕਸ਼ਾ ਦਰਦ ਤੇ ਯਾਦ
ਸਾਂਭਣ ਇਹ ਤਲੀਆਂ

ਤਲੀਆਂ ਧਰਤੀਓਂ ਉਤਲੀ ਧਰਤੀ
ਜਿਸ ਉੱਤੇ ਮੈਂ ਖੜ੍ਹਦਾ
ਤਲੀਆਂ ਸਦਕਾ ਇਹ ਜਗ
ਸਦਾ ਉਚਾਈਓਂ ਦਿਸਦਾ
ਫਿਰ ਵੀ...
ਜੀਕਰ ਘਰ ਦਾ ਨੌਕਰ
ਹੋਵੇ,ਪਰ ਨਾ ਹੋਵੇ
ਸਾਰਾ ਦਿਨ ਕੰਮ ਕਰਕੇ ਰਾਤੀਂ
ਚੁੱਪ ਚਾਪ ਜਾ ਕੇ ਸੌਂ ਜਾਵੇ
ਘਰ ਅੰਦਰ ਗੁੰਮਨਾਮੀ ਨੁੱਕਰੇ 'ਕੱਲਾ ਭਾਣਾ
ਬਸ ਓਵੇਂ ਹੀ ਮੇਰੀਆਂ ਤਲ਼ੀਆਂ
ਹੋਈਆਂ, ਪਰ ਨਾ ਹੋਈਆਂ
ਮੈਂ ਕੰਡੇ ਨੂੰ ਮੱਥਾ ਟੇਕਾਂ
ਇਸ ਦਾ ਸਦਕਾ
ਮੈਂ ਅੱਜ ਮਿਲ਼ਿਆ
ਆਪਣੇ ਹੀ ਟੱਬਰ ਦੇ ਜੀਅ ਨੂੰ
ਤਲੀਆਂ ਨੂੰ...

(65)