ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/73

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੋਰ


ਬੱਚੇ ਦੇ ਤੁਤਲਾਏ ਬੋਲ
ਮੁੜ ਮੁੜ ਲੱਭੇ
ਸੂਕਰ ਨੇਰ੍ਹੀ ਦੀ
ਕਪਾਟੀਂ ਦਸਤਕ ਲੱਗੇ
ਰੁੱਖ ਦੀ ਸ਼ਾਂ ਸ਼ਾਂ
ਸ਼ੋਰ ਨਾ ਜਾਪੇ
ਝਰਨੇ ਦੀ ਆਵਾਜ਼
ਸਮਾਧੀ ਵਿੱਚ ਲੈ ਜਾਵੇ

ਪਿਆਰ ਦੇ ਛਿਣ ਵਿਚ
ਸੂਝ ਦੇ ਪਲ ਵਿਚ
ਸੁੰਦਰਤਾ ਵਿਚ
ਕਿਧਰੋਂ ਕੋਈ ਵਾਜ ਨਾ ਆਵੇ

ਸ਼ੋਰ ਪਵੇ ਤਾਂ
ਆਉਣ ਵਿਚਾਰ
ਅਣਚਾਹੇ ਅਣਲੋੜੇ
ਸਿਰ ਦੇ ਅੰਦਰ ਮਾਰਣ ਟੱਕਰਾਂ
ਅੰਦਰ ਆਏ ਕਿਧਰੋਂ
ਬਾਹਰ ਨਿਕਲਣ ਕਿਧਰੋਂ
ਸਿਰ ਨੂੰ ਕਿੱਥੇ ਮਾਰਾਂ
ਪਤਾ ਨਾ ਲੱਗੇ
ਚੜ੍ਹੇ ਦਿਹੁੰ ਵੀ ਨੇਰ੍ਹੀ ਹੋਇਆ
ਖੁਲ੍ਹੀਆਂ ਅੱਖਾਂ ਅੰਨ੍ਹੀਆਂ
ਚੁੱਪ ਜੀਭਾ ਚੁੱਪ ਹੋਠ
ਪਿੱਛੇ ਨੇਰ੍ਹੀ ਚੜ੍ਹਦੀ ਆਵੇ
ਕੀ ਫ਼ੜਾਂ ਕੀ ਕਰਾਂ
ਕੀ ਆਖਾਂ ਕਿੱਥੇ ਜਾਵਾਂ
ਸਮਝ ਨਾ ਆਵੇ
ਸ਼ੋਰ ਆਵੇ
ਬਸ ਸ਼ੋਰ ਹੀ ਆਵੇ...

(69)